User talk:Jachak Poetry

From SikhiWiki
Jump to navigationJump to search

Punjabi Poem|Poetry|Kavita on Women Empowerment Day | ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ | Jachak Poetry | Punjabi Sikh Poetry |

ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ, ਹਰ ਇਕ ਪੱਖ ਤੋਂ ਧਾਂਕ ਜਮਾਈ ਸੋਹਣੀ। ਜਿਥੇ-ਜਿਥੇ ਵੀ ਏਸ ਨੇ ਕੰਮ ਕੀਤਾ, ਸਭ ਥਾਂ ਪਾਈ ਹੈ ਮਾਣ ਵਡਿਆਈ ਸੋਹਣੀ। ਹਰ ਖੇਤਰ ਵਿੱਚ ਮੱਲਾਂ ਮਾਰ ਕੇ ਤੇ, ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ, ਦਿੱਤੀ ਲੋਕਾਂ ਦੇ ਤਾਈਂ ਅਗ਼ਵਾਈ ਸੋਹਣੀ।

ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ, ਉੱਚਾ-ਸੁੱਚਾ ਹਮੇਸ਼ਾਂ ਸਥਾਨ ਮਿਲਿਆ।
‘ਸੋ ਕਿਉ ਮੰਦਾ ਆਖੀਐ’ ਸ਼ਬਦ ਅੰਦਰ, ਗ਼ੁਰਾਂ ਵੱਲੋਂ ਹੈ ਵੱਡਾ ਸਨਮਾਨ ਮਿਲਿਆ।
ਸਾਰੀ ਬਾਣੀ ’ਚ ‘ਜੀਵ’ ਇਹ ਇਸਤਰੀ ਹੈ, ਏਹਦੇ ਰਾਹੀਂ ਬ੍ਰਹਮ ਗ਼ਿਆਨ ਮਿਲਿਆ।
ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ, ਸਿੱਖ ਧਰਮ ’ਚ ਰੁਤਬਾ ਮਹਾਨ ਮਿਲਿਆ।

ਕਿਤੇ ਕਿਤੇ ਪਰ ਸਾਡੇ ਸਮਾਜ ਅੰਦਰ, ਮਸਲੀ ਜਾ ਰਹੀ ਚੰਬੇ ਦੀ ਕਲੀ, ਅੱਜ ਵੀ। ਕੋਈ ਪਾਉਂਦਾ ਤੇਜਾਬ ਹੈ ਮੂੰਹ ਉੱਤੇ, ਕਿਤੇ ਚੜ੍ਹ ਰਹੀ ਦਾਜ ਦੀ ਬਲੀ, ਅੱਜ ਵੀ। ਭਰ ਜੋਬਨ ਦੀ ਸਿਖਰ ਦੁਪਹਿਰ ਭਾਵੇਂ, ਚਿੰਤਾ ਨਾਲ ਦੁਪਹਿਰ ‘ਇਹ’ ਢਲੀ, ਅੱਜ ਵੀ। ਘਰ ਦੀ ਚਾਰ ਦੀਵਾਰੀ ਦੇ ਵਿਚ ਰਹਿ ਕੇ, ਸੋਚਾਂ ਫਿਕਰਾਂ ’ਚ ਰਹਿੰਦੀ ਹੈ ਵਲੀ, ਅੱਜ ਵੀ।

ਪਤਾ ਲੱਗ਼ੇ ਜਦ ਬੇਟੀ ਏ ਕੁੱਖ ਅੰਦਰ, ਕਰਵਾਉਂਦੇ ਅਸੀਂ ਹਾਂ ਆਪ, ਭਰੂਣ ਹੱਤਿਆ।
ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਂਦੇ, ਦੋਸ਼ੀ ਮਾਂ ਤੇ ਬਾਪ, ਭਰੂਣ ਹੱਤਿਆ।
ਸਮਾਜ ਮੱਥੇ ਹੈ ਵੱਡਾ ਕਲੰਕ ‘ਜਾਚਕ’, ਸਭ ਤੋਂ ਵੱਡਾ ਸਰਾਪ, ਭਰੂਣ ਹੱਤਿਆ।
ਕਿਸੇ ਜਨਮ ’ਚ ਬਖਸ਼ਿਆ ਨਹੀਂ ਜਾਣਾ, ਪਾਪਾਂ ਵਿੱਚੋਂ ਮਹਾਂ-ਪਾਪ, ਭਰੂਣ ਹੱਤਿਆ।

ਪਤੀ ਜਿਨ੍ਹਾਂ ਦੇ ਨੇ ਨਸ਼ਈ ਹੋ ਗ਼ਏ, ਉਹ ਤਾਂ ਰੱਤ ਦੇ ਹੰਝੂ ਵਗ਼ਾਉਂਦੀਆਂ ਨੇ। ਪਤਾ ਨਹੀਂ ਸ਼ਰਾਬੀ ਨੇ ਕਦੋਂ ਆਉਣੈ, ਤਾਰੇ ਗ਼ਿਣਦਿਆਂ ਰਾਤਾਂ ਲੰਘਾਉਂਦੀਆਂ ਨੇ। ਭਾਡੇਂ ਸਦਾ ਹੀ ਓਥੇ ਤਾਂ ਖੜਕਦੇ ਨੇ, ਜਿਥੇ ਨਸ਼ੇ ਦੀਆਂ ਬੋਤਲਾਂ ਆਉਂਦੀਆਂ ਨੇ। ਪੁੱਤ ਜਿਨ੍ਹਾਂ ਦੇ ਚਿੱਟਾ ਨੇ ਖਾਣ ਲੱਗ਼ ਪਏ, ਉਹ ਤਾਂ ਕੂੰਜ ਦੇ ਵਾਂਗ਼ ਕੁਰਲਾਉਂਦੀਆਂ ਨੇ।

ਇੱਜ਼ਤ ਮਾਣ ਫਿਰ ਦੇਣ ਲਈ ਔਰਤਾਂ ਨੂੰ, ਆਪਣੇ ਆਪ ਨੂੰ ਆਪਾਂ ਤਿਆਰ ਕਰੀਏ।
‘ਮਾਈਆਂ ਰੱਬ ਰਜਾਈਆਂ’ ਵੀ ਕਹਿਣ ਲੋਕੀ, ਏਸ ਗ਼ੱਲ ਤੇ ਸੋਚ-ਵਿਚਾਰ ਕਰੀਏ।
ਜਗ਼ਤ ਜਨਨੀ ਨੂੰ ਸਤਿਗ਼ੁਰਾਂ ਧੰਨ ਕਿਹੈ, ਏਸ ਗ਼ੱਲ ਨੂੰ ਦਿਲ ਵਿਚ ਧਾਰ ਕਰੀਏ। 
ਸਾਡੀ ਸਫ਼ਲਤਾ ਪਿੱਛੇ ਹੈ ਹੱਥ ਇਸਦਾ, ‘ਜਾਚਕ’ ਏਸ ਦਾ ਮਾਣ-ਸਤਿਕਾਰ ਕਰੀਏ।