File:Bhai Ghanaiya ji 300 saal.pdf

From SikhiWiki
Jump to navigationJump to search

Bhai_Ghanaiya_ji_300_saal.pdf(file size: 123 KB, MIME type: application/pdf)

(ਸੇਵਾਪੰਥੀ ਸੰਪ੍ਰਦਾ ਦੇ ਮੋਢੀ ਅਤੇ ਮਾਨਵਤਾ ਦੇ ਪੁੰਜ) ਭਾਈ ਘਨੱਈਆ ਜੀ ਸੰਸਾਰ ਭਰ ਦੇ ਵੱਖੋ-ਵੱਖ ਮਤਾਂ-ਮਤਾਂਤਰਾਂ, ਧਰਮਾਂ ਵਿੱਚ ਨਿਸ਼ਕਾਮ ਭਾਵਨਾ ਵਾਲੇ ਪਿਆਰੇ ਵਿਰਲੇ ਹੀ ਹੁੰਦੇ ਹਨ ਜਿਹੜੇ ਹਰ ਸਮੇਂ ਬਿਨਾਂ ਕਿਸੇ ਰੰਗ, ਨਸਲ, ਭਿੰਨ, ਭੇਦ ਦੇ ਨਿਸ਼ਕਾਮ ਭਾਵਨਾ ਨਾਲ ਲੋਕ ਭਲਾਈ ਕਾਰਜਾਂ ਲਈ ਤਤੱਪਰ ਰਹਿੰਦੇ ਹਨ। ਇਤਿਹਾਸ ਦੇ ਪੰਨਿਆ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਨਿਰਮਲ ਪੰਥ ਨੂੰ ਮੰਨਣ ਵਾਲੇ ਸਿੱਖ ਧਰਮ ਵਿੱਚ ਅਜਿਹੇ ਅਨੇਕਾਂ ਹੀ ਗੁਰੂ ਕੇ ਪਿਆਰੇ ਸਿੱਖਾਂ ਦਾ ਨਾਮ ਸੰਸਾਰ ਭਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ, ਜਿਨ੍ਹਾਂ ਦੇ ਜੀਵਨ ਤੋਂ ਪ੍ਰੇਰਣਾਂ ਲੈਂਕੇ ਮਨੁੱਖ ਅੱਜ ਵੀ ਸਰਬੱਤ ਦੇ ਭਲੇ ਲਈ ਸੇਵਾ ਕਰਨਾ ਅਪਣੇ ਜੀਵਨ ਦਾ ਮਨੋਰਥ ਸਮਝਦੇ ਹਨ। ਅਜਿਹੇ ਹੀ ਤਿਆਗ ਦੀ ਮੂਰਤ ਨੋਵੇਂ ਪਾਤਸ਼ਾਹ ਹਿੰਦ (ਧਰਮ) ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੇ ਸੇਵਕ ਭਾਈ ਘਨੱਈਆ ਜੀ ਸਨ। ਜਿਨ੍ਹਾਂ ਦੇ ਜੋਤੀ ਜੋਤ ਦਿਹਾੜੇ ਦੀ ਤੀਜੀ ਸ਼ਤਾਬਦੀ ਸਤੰਬਰ ੨੦੧੮ ਵਿੱਚ ਸਮੁੱਚਾ ਸੰਸਾਰ ਮਨਾ ਰਿਹਾ ਹੈ। ਦਸਵੇਂ ਪਾਤਸ਼ਾਹ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਭਾਈ ਘਨੱਈਆ ਜੀ (ਜਿਨ੍ਹਾਂ ਨੂੰ ਸੇਵਾਪੰਥੀ ਸੰਪ੍ਰਦਾ ਦੇ ਮੋਢੀ ਵੀ ਕਿਹਾ ਜਾਂਦਾ ਹੈ) ਨੇ ਗੁਰਬਾਣੀ ਵਾਕ 'ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ' ਅਤੇ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦੇ ਸਿਧਾਂਤਾਂ ਨੂੰ ਸਮਝਿਆ ਹੀ ਨਹੀ ਸਗੋਂ ਅਮਲ ਵਿੱਚ ਲਿਆਂਦੇ ਹੋਇ ਜੀਵਨ ਦਾ ਮਨੋਰਥ ਬਨਾ ਕੇ ਬਿਨਾਂ ਕਿਸੇ ਨਸਲ, ਭੇਦ, ਉਚ, ਨੀਚ, ਅਮੀਰ, ਗਰੀਬ ਦੇ ਵਿਤਕਰੇ ਤੋਂ ਸੇਵਾ ਕੀਤੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਧਰੇ (ਵਜੀਰਾਬਾਦ) ਵਿੱਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ, ਪਿਤਾ ਭਾਈ ਨੱਥੂ ਰਾਮ ਖਤੱਰੀ ਦੇ ਘਰ ਸੰਨ ੧੬੪੮ (ਸੰਮਤ ੧੭੦੫) ਵਿੱਚ ਹੋਇਆ। ਦਰਿਆਂ ਚਨਾਬ ਕਿਨਾਰੇ ਵਜੀਰਾਬਾਦ ਤੋਂ ੫ ਮੀਲ ਦੀ ਵਿੱਥ ਤੇ ਪਿੰਡ ਸੋਦਰਾ ਪੈਂਦਾ ਹੈ। ਇਸ ਪਿੰਡ ਦੇ ੧੦੦ ਦਰਵਾਜੇ (ਰਸਤੇ) ਹੋਣ ਕਾਰਨ ਇਸ ਦਾ ਨਾਮ ਸੌ ਦਰਾ ਪਿਆਂ ਜੋਕਿ ਬਾਅਦ ਵਿੱਚ ਸੋਧਰਾ ਨਾਮ ਨਾਲ ਪ੍ਰਚਲਿਤ ਹੋਇਆਂ।

ਆਪ ਜੀ ਦੇ ਪਿਤਾ ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਦੀਵਾਨ (ਮੈਨੇਜਰ) ਸਨ ਅਤੇ ਵੱਡੇ ਸੋਦਾਗਰ ਵੀ ਸਨ ਅਤੇ ਸ਼ਾਹੀ ਫੋਜਾਂ ਨੂੰ ਰਸਦ ਪਾਣੀ ਪਹੁਚਾਉਣ ਦਾ ਕੰਮ ਵੀ ਕਰਦੇ ਸਨ। ਆਮ ਜਨਤਾ ਨਾਲ ਵੀ ਆਪ ਜੀ ਦੇ ਪਿਤਾ ਡੁੰਘਾ ਪਿਆਰ ਰਖੱਦੇ ਸੀ ਤੇ ਜਨਤਾ ਨੂੰ ਤਨ, ਮਨ ਅਤੇ ਧਨ ਨਾਲ ਸੁੱਖੀ ਰਖੱਦੇ ਸੀ। ਅਜਿਹਾ ਕੁੱਝ ਦੁਜਿਆ ਦੀ ਸੇਵਾ ਕਰਨ ਅਤੇ ਖਲਕਤ ਨਾਲ ਪਿਆਰ ਕਰਨਾ ਭਾਈ ਘਨਈਆਂ ਜੀ ਨੂੰ ਬਚਪਨ ਤੋ ਹੀ ਵਿਰਾਸਤ ਵਿੱਚ ਮਿਲਿਆ ਸੀ।  ਭਾਈ ਘਨੱਈਆ ਜੀ ਬਚਪਨ ਤੋਂ ਹੀ ਸਤਸੰਗ ਵਿੱਚ ਜਾਕੇ ਕਥਾ ਕੀਰਤਨ ਸੁਨਣ, ਸਾਧੂ ਸੰਤਾ ਦੀ ਸੇਵਾ ਕਰਨ, ਮਹਾਪੁਰਸ਼ਾਂ ਦੀ ਮੁੱਠੀ ਚਾਪੀ ਕਰਣੀ ਅਤੇ ਲੰਗਰ ਛਕਾਉਣ ਦੀ ਸੇਵਾ ਕਰਨ ਲੱਗ ਪਏ ਸੀ। ਆਪ ਜੀ ਬਾਲ ਅਵਸਥਾ ਵਿੱਚ ਹੀ ਆਪਣੀਆਂ ਜੇਬਾਂ ਨੂੰ ਕੋਡੀਆਂ (ਪਹਿਲਾਂ ਛੋਟੇ ਪੈਸਿਆਂ ਨੂੰ ਕੋਡੀ ਕਿਹਾ ਜਾਂਦਾ ਸੀ), ਪੈਸਿਆਂ, ਰੁਪਇਆਂ ਨਾਲ ਭਰ ਲੈਂਦੇ ਅਤੇ ਲੋੜਵੰਦਾਂ ਵਿੱਚ ਵਰਤਾ ਦਿੰਦੇ। ਉਸ ਸਮੇਂ ਬਾਦਸ਼ਾਹੀ ਲੋਕ ਮਜ਼ਲੂਮ ਲੋਕਾਂ ਨੂੰ ਬਿਗਾਰੀ ਬਣਾ ਕੇ ਕੰਮ ਲੈਂਦੇ ਸੀ ਅਤੇ ਕਈ ਵਾਰ ਬੇਗਾਰੀਆਂ ਨੂੰ ਕੁਝ ਖਾਣ-ਪੀਣ ਨੂੰ ਵੀ ਨਹੀਂ ਸੀ ਦਿੰਦੇ ਅਤੇ ਕੁੱਝ ਮੰਗਣ ਤੇ ਉਹਨਾਂ ਨਾਲ ਮਾਰ-ਕੁੱਟ ਵੀ ਕਰਦੇ ਸੀ। ਅਜਿਹੀ ਹਾਲਤ ਵੇਖ ਕੇ ਭਾਈ ਘਨੱਈਆ ਜੀ ਤੜਫਦੇ ਸਨ ਅਤੇ ਆਪ ਉਨ੍ਹਾਂ ਰਸਤਿਆਂ ਤੇ ਖਲੋ ਕੇ ਬੇਗਾਰੀਆਂ ਦਾ ਭਾਰ ਆਪ ਚੁੱਕ ਲੈਂਦੇ ਸਨ ਅਤੇ ਕਈਂ-ਕਈਂ ਮੀਲ ਛੱਡ ਆਉਂਦੇ ਅਤੇ ਲੋੜ ਅਨੁਸਾਰ ਪੈਸੇ-ਧੈਲੇ ਦੀ ਮਦਦ ਵੀ ਕਰਦੇ ਸੀ।
ਜਦੋਂ ਮਾਤਾ-ਪਿਤਾ ਨੇ ਸਮਝਾਉਣਾ ਕਿ *ਬੇਟਾ, ਇਸ ਤਰਾਂ ਕਰਨ ਨਾਲ ਸਾਡੀ ਬਦਨਾਮੀ ਹੁੰਦੀ ਹੈ, ਤੈਨੂੰ ਇਸ ਤਰਾਂ ਬੇਗਾਰੀਆਂ ਦਾ ਭਾਰ ਚੁੱਕ ਕੇ ਨਹੀ ਫਿਰਨਾ ਚਾਹੀਦਾ*  ਤਾਂ ਭਾਈ ਘਨੱਈਆ ਜੀ ਨੇ ਬੜੇ ਹੀ ਗੰਭੀਰ, ਸਹਿਜ ਤੇ ਠਰ੍ਹਮੇ ਨਾਲ ਕਹਿਣਾ ਕਿ *ਮਾਂ, ਘਰਾਂ ਵਿੱਚ ਕਈ ਸਿਆਣੇ ਅਤੇ ਕਈ ਬਾਵਰੇ ਪੁਤੱਰ ਵੀ ਹੁੰਦੇ ਹਨ, ਤੁਸੀ ਮੈਨੂੰ ਆਪਣਾ ਬਾਵਰਾ ਪੁਤੱਰ ਹੀ ਸਮਝ ਲਵੋ। ਇਸ ਤਰਾਂ ਭਾਈ ਘਨੱਈਆ ਜੀ ਦੇ ਇਸ ਮੰਤਵ ਤੋਂ ਉਹਨਾਂ ਨੂੰ ਕੋਈ ਡੁਲਾ ਨਾ ਸਕਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰੀ ਰਖਣਾਂ ਪਰ ਅਜੇ ਮਨ ਦੀ ਵੇਦਨਾ ਵਧੱਦੀ ਚਲੀ ਗਈ। ਮਹਾਪੁਰਸ਼ਾਂ ਦੀ ਸੰਗਤ ਅਤੇ ਸਾਧੂ ਜਨਾਂ ਦੀ ਸੇਵਾ ਕਰਕੇ ਆਪ ਜੀ ਦਾ ਮਨ ਦੁਨਿਆਵੀਂ ਧੰਧਿਆਂ ਤੋ ਉਚਾਟ ਰਹਿਣ ਲਗ ਗਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰਦੇ ਰਹਿਣਾਂ ਪਰ ਮਨ ਦੀ ਵੇਦਨਾ ਅਤੇ ਪਰਮਾਤਮਾ ਨੂੰ ਮਿਲਣ ਦੀ ਤੜਫ ਵਧੱਦੀ ਚਲੀ ਗਈ। ਸਾਧੂਆਂ ਦੀ ਸੰਗਤ ਕਰਦੇ-ਕਰਦੇ ਇੱਕ ਦਿਨ ਭਾਈ ਘਨੱਈਆਂ ਜੀ ਸਤਿਸੰਗਤ ਕਰ ਰਹੇ ਸੀ ਤਾਂ ਉਸ ਸੰਗਤ ਵਿੱਚ ਭਾਈ ਨੰਨੂਆਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ 'ਜਗਤ ਮੈ ਝੂਠੀ ਦੇਖੀ ਪ੍ਰੀਤਿ' ਦੀ ਵਿਆਖਿਆ ਕਰਕੇ ਸਮਝਾ ਰਹੇ ਸੀ , ਇਸ ਤਰਾਂ ਦੇ ਬਚਨ ਸੁਣ ਭਾਈ ਘੱਨਈਆ ਜੀ ਨੇ ਭਾਈ ਨੰਨੂਆਂ ਜੀ ਪਾਸੋਂ ਗੋਬਿੰਦ ਮਿਲਣ ਦੀ ਜੁਗਤੀ ਲਈ ਬੇਨਤੀ ਕੀਤੀ। 
ਭਾਈ ਘੱਨਈਆ ਜੀ ਦੀ ਜਗਿਆਸਾ ਵੇਖ ਕੇ ਅਪਣੇ ਨੇੜੇ ਬਿਠਾਇਆਂ ਅਤੇ ਕਿਹਾ ਕਿ ਗੋਬਿੰਦ ਮਿਲਣ ਦੀ ਪ੍ਰੀਤ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ ਅਤੇ ਇਸ ਤਰਾਂ ਭਾਈ ਨੰਨੂਆਂ ਜੀ ਨੇ ਪੁਰਾਤਨ ਭਗਤਾਂ ਦੀਆਂ ਸਾਖੀਆਂ ਸਵਿਸਥਾਰ ਨਾਲ ਸੁਣਾਈਆਂ ਤੇ ਕਿਹਾ ਕਿ ਜਦੋਂ ਤੁਸੀ ਵੀ ਅਜਿਹੀ ਅਵਸਥਾ ਵਿੱਚ ਪਹੁੰਚੋਗੇ ਤਾਂ ਤੁਸੀ ਵੀ ਗੋਬਿੰਦ ਦੀ ਪ੍ਰਾਪਤੀ ਦੇ ਪਾਤਰ ਬਣ ਜਾਉਗੇ। ਭਾਈ ਘੱਨਈਆ ਜੀ ਅਜਿਹੇ ਬਚਨ ਸੁਣ ਵੈਰਾਗ ਵਿੱਚ ਆ ਗਏ ਅਤੇ ਅਜਿਹਾ ਹੀ ਕਰਣ ਦਾ ਨਿਸ਼ਚਾ ਧਾਰ ਲਿਆ। ਭਾਈ ਘਨੱਈਆ ਜੀ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤੜਪ ਲੈਕੇ ਪਿੰਡਾ, ਕਸਬਿਆਂ ਤੋਂ ਦੂਰ ਜੰਗਲ-ਜੰਗਲ ਫਿਰ ਰਹੇ ਸਨ ਕਿ ਕੋਈ ਅਲ੍ਹਾ ਦਾ ਪਿਆਰਾ ਮਿਲ ਪਵੇ ਅਤੇ ਉਸਨੂੰ ਅਧਿਆਤਮਿਕ ਰਾਹ ਦਸ ਸਕੇ। ਇਸ ਦੋਰਾਨ ਉਹਨਾਂ ਦਾ ਮੇਲ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਜਾ ਰਹੇ ਇੱਕ ਗੁਰਸਿੱਖ ਨਾਲ ਹੋਇਆਂ ਤੇ ਉਨ੍ਹਾਂ ਦੀ ਸੰਗਤ ਕਰ ਮਨ ਨੂੰ ਸਕੂਨ ਮਿਲਿਆ ਅਤੇ ਪਹਿਲਾਂ ਵੀ ਇੱਕ ਵਾਰ ਭਾਈ ਨੰਨੂਆਂ ਜੀ ਨਾਲ ਮਿਲਣੀ ਦਾ ਜ਼ਿਕਰ ਵੀ ਕੀਤਾ ਅਤੇ ਦਸਿਆਂ ਕਿ ਮੈ ਤਾਂ ਪਹਿਲਾਂ ਹੀ ਇਹਨਾਂ ਸ਼ਬਦਾਂ ਦਾ ਕਾਇਲ ਸੀ ਪਰ ਮੈਨੂੰ ਅਪਣੇ ਪਿਤਾ ਜੀ ਦੇ ਅਕਾਲ ਚਲਾਣੇ ਕਰ ਜਾਣ ਕਰਕੇ ਵਾਪਿਸ ਘਰ ਜਾਣਾ ਪੈ ਗਿਆ ਸੀ ਤੇ ਕੋਈ ਬਚਨ ਬਿਲਾਸ ਨਹੀ ਹੋ ਸੱਕੇ ਅਤੇ ਹੁਣ ਕਿਰਪਾ ਕਰੋ ਕਿ ਮੈਨੂੰ ਵੀ ਉਸ ਰੱਬ ਦੇ ਪਿਆਰੇ ਕੀਆਂ ਬਾਤਾਂ ਸੁਣਾਉ ਅਤੇ ਪਰਮਾਤਮਾ ਨਾਲ ਮਿਲਾਪ ਦੀ ਜੁਗਤੀ ਦਸੋ। 
ਰੱਬੀ ਪਿਆਰ ਵਿੱਚ ਭਿੱਜੀ ਰੂਹ ਨਾਲ ਮੇਲ ਹੋਣ ਤੇ ਕਰਤੇ ਕੀਆਂ ਬਾਤਾਂ ਨਾਲ ਭਾਈ ਘਨੱਈਆਂ ਜੀ ਦੇ ਹਿਰਦੇ ਨੂੰ ਠੰਡ ਪਈ।ਜੱਥੇ ਦੀਆਂ ਸੰਗਤਾਂ ਨੇ ਘਨੱਈਆ ਜੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਨੌਂਵੇ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਦੀ ਸਾਰੀ ਵਾਰਤਾ ਅਤੇ ਗੁਰਬਾਣੀ ਉਪਦੇਸ਼ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਤਿਆਦਿ ਦਾ ਗਿਆਨ ਦ੍ਰਿੜ ਕਰਵਾਇਆ ਅਤੇ ਦਸਿਆਂ ਕਿ ਇਸ ਸਮੇਂ ਜਗਤ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਿਰਾਜਮਾਨ ਹਨ ਅਤੇ ਇਸ ਸਮੇਂ ਅਨੰਦਪੁਰ ਸਾਹਿਬ ਜਾਕੇ ਉਨ੍ਹਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਤੇ ਇਸ ਤਰਾਂ ਭਾਈ ਘਨੱਈਆ ਜੀ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਹੀ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਘਨੱਈਆਂ ਜੀ ਅਨੰਦਪੁਰ ਸਾਹਿਬ ਵਿੱਖੇ ਬਾਕੀ ਸੰਗਤਾਂ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਤਕਿਆ ਤਾਂ 'ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ' ਅਨੁਸਾਰ ਹਿਰਦੇ ਦੀ ਵੇਦਨਾ, ਤੜਫ ਮਿਟ ਗਈ ਅਤੇ ਮਨ ਦੇ ਸਾਰੇ ਫੁਰਨੇ ਅਲੋਪ ਹੋ ਗਏ ਤੇ ਚਿੱਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਵਿੱਚ ਜੁੜ ਗਿਆ। ਉੱਥੇ ਆਪ ਜੀ ਨੂੰ ਗੁਰੂ ਸਾਹਿਬ ਜੀ ਨੇ ਪਾਣੀ ਦਾ ਘੜਾ ਭਰਕੇ ਲਿਆਉਣ ਦੀ ਸੇਵਾ ਸੋਂਪੀ। ਆਪ ਜੀ ਹਰਰੋਜ ਪਾਣੀ ਦਾ ਘੜੇ ਭਰ ਗੁਰੁ ਕੇ ਲੰਗਰਾਂ ਵਿੱਚ ਅਜੇਹੀ ਸੇਵਾ ਕਰਣ ਲੱਗ ਪਏ ਕਿ ਲੰਗਰ ਵਿੱਚ ਕਦੇ ਪਾਣੀ ਦੀ ਥੁੱੜ (ਕਮੀ) ਹੀ ਨਾ ਰਹੀ। ਇਸ ਤਰਾਂ ਲੰਗਰ ਵਿੱਚ ਸੇਵਾ ਨਿਭਾ ਰਹੇ ਹੋਰ ਸੇਵਾਦਾਰਾਂ ਨੇ ਗੁਰੂ ਸਾਹਿਬਾਂ ਪਾਸ ਭਾਈ ਘਨੱਈਆ ਜੀ ਦੀ ਅਣਥੱਕ ਸੇਵਾ ਬਾਰੇ ਪ੍ਰਸ਼ੰਸਾ ਕਰਦੇ ਰਹਿੰਦੇ ਸੀ ਅਤੇ ਇੱਕ ਦਿਨ ਜਦੋਂ ਗੁਰੂ ਤੇਗ ਬਹਾਦਰ ਜੀ ਨਿਗਰਾਨੀ ਕਰਦੇ ਗੁਰੂ ਕੇ ਲੰਗਰਾਂ ਦੇ ਅੱਗੋ ਲੰਘੇ ਤਾਂ ਭਾਈ ਘਨੱਈਆ ਜੀ ਨੁੰ ਸੇਵਾ ਕਰਦੇ ਤਰੁੱਠ ਕੇ ਜਦੋਂ ਭਾਈ ਘਨਈਆ ਜੀ ਵੱਲ ਤਕਿੱਆ ਤਾਂ ਸਾਖੀਕਾਰਾਂ ਮੁਤਾਬਿਕ 'ਉਸ ਸਮੇਂ ਦੇਹੀ ਸ਼ਾਂਤ ਚਿੱਤ ਹੋ ਗਈ। ਸਰੀਰ ਮਹਿ ਅਸਰੀਰ ਭਾਸ ਆਇਆ' ਸੱਭ ਵਿੱਚ ਇੱਕ ਦਾ ਝਲਕਾਰਾ ਗੁਰੂ ਜੀ ਨੇ ਵਿਖਲਾ ਦਿਤਾ ਤੇ ਗੁਰੂ ਸਾਹਿਬ ਜੀ ਉਨ੍ਹਾਂ ਨੂੰ ਕਿਹਾ ਕਿ *ਤੁਹਾਡੀ ਸੇਵਾ ਥਾਇ ਪਈ ਹੈ, ਜਾਉ ਆਪ ਨਾਮ ਜਪਹੁ ਤੇ ਹੋਰਨਾਂ ਨੂੰ ਨਾਮ ਦੀ ਬਰਕਤ ਵੰਡੋ। ਸਾਖੀਕਾਰਾਂ ਅਨੁਸਾਰ 'ਇਹ ਭਰੋਸਗੀ ਦੀ ਦਾਤ ਤੁਹਾਨੂੰ ਮਿਲੀ ਹੈ।ਹੋਰਣਾਂ ਨੂੰ ਵੀ ਵੰਡੋ' ਤੁਸੀ ਜਾਉ ਅਤੇ ਧਰਮਸਾਲ ਸਥਾਪਿਤ ਕਰੋ ਤੇ ਸਮਦ੍ਰਿਸਟੀ ਨਾਲ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸੇਵਾ ਕਰੋ।
ਇਸ ਤਰਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੋਰ ਤੇ ਪਿਸ਼ਾਵਰ ਦੇ ਵਿਚਕਾਰ 'ਕਹਵਾ' (ਜਿਲਾ ਕੈਮਲਪੁਰ) ਨਾਮ ਦੇ ਪਿੰਡ ਵਿੱਚ ਸਥਾਪਿਤ ਕੀਤੀ ਕਿਉਕਿ ਇਹ ਪਿੰਡ ਜਰਨੈਲੀ ਸੜਕ ਤੇ ਸੀ ਤੇ ਪਹਾੜਾਂ ਨਾਲ ਮਿਲਿਆ ਹੋਣ ਕਰਕੇ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ, ਲੋਕ ਦੁਰੋ ਪਹਾੜਾਂ ਵਿੱਚੋ ਪਾਣੀ ਲੈਕੇ ਗੁਜਾਰਾ ਕਰਦੇ ਸੀ। ਭਾਈ ਘਨੱਈਆ ਜੀ ਨੇ ਆਮ ਜਨਤਾ ਦੀ ਦੁੱਖ ਤਕਲੀਫ ਨੂੰ ਸਮਝਦੇ ਅਤੇ ਰਾਹਗੀਰਾਂ ਲਈ ਕੋਈ ਰੈਣ ਬਸੇਰਾ ਨਾ ਹੋਣ ਕਰਕੇ ਇਸੇ ਥਾਂ ਤੇ ਰਾਹਗੀਰ, ਮੁਸਾਫਿਰਾਂ ਦੇ ਸੁੱਖ ਅਰਾਮ ਲਈ ਧਰਮਸਾਲ ਬਣਾਈ।

ਇਸੇ ਤਰਾਂ ਹੀ ਭਾਈ ਘਨੱਈਆ ਜੀ ਨੇ ਵੱਖੋ-ਵੱਖ ਥਾਂਵਾਂ ਤੇ ਖੂਹ, ਬਾਉਲੀਆਂ ਤੇ ਧਰਮਸਾਲਾਵਾਂ ਸਥਾਪਿਤ ਕਰ 'ਏਕੁ ਪਿਤਾ, ਏਕਸ ਕੇ ਹਮ ਬਾਰਿਕ' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਸਾਰਿਆਂ ਵਿੱਚ ਇੱਕ ਨਿਰੰਕਾਰ ਦੀ ਜੋਤ ਪਸਰੀ ਜਾਣ ਕੇ ਸੇਵਾ ਕਰਦੇ ਰਹੇ। ਨਵੰਬਰ ੧੬੭੫ ਨੂੰ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਤੇ ਗੁਰੂ ਤੇਗ ਬਹਾਦੁਰ ਜੀ ਧਰਮ ਦੀ ਰਖਿਆ ਲਈ ਚਾਂਦਨੀ ਚੋਂਕ, ਦਿੱਲੀ ਵਿੱਖੇ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਖਬਰ ਸੁਣ ਭਾਈ ਘਨੱਈਆ ਜੀ ਵੈਰਾਗ ਵਿੱਚ ਆ ਗਏ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਿਦਾਰੇ ਲਈ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ।ਅਨੰਦਪੁਰ ਸਾਹਿਬ ਪਹੁੰਚਨ ਤੇ ਸਾਰੀਆਂ ਸੰਗਤਾਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਨਿਹਾਲ ਹੋਈਆਂ। ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਪੁੱਜ ਕੇ ਵੀ ਸੇਵਾ ਦਾ ਨੇਮ ਨਹੀ ਤੋੜਿਆ, ਪਾਣੀ ਦੀ ਮਸ਼ਕ ਫੜ ਲਈ ਗੁਰੂ ਕੇ ਲੰਗਰਾਂ ਲਈ ਅਤੇ ਸੰਗਤਾਂ ਲਈ ਭਾਵ ਜਿੱਥੇ ਵੀ ਪਾਣੀ ਦੀ ਜਰੂਰਤ ਮਹਿਸੂਸ ਹੋਵੇ ਉੱਥੇ ਪਹੁੰਚ ਕੇ ਪਾਣੀ ਵਰਤਾਇਆ ਕਰਦੇ ਸੀ ਅਤੇ ਨਾਲ ਹੀ ਭਜਨ ਬੰਦਗੀ ਵਿੱਚ ਜੁੜੇ ਰਹਿੰਦੇ। ਇੱਥੋ ਤੱਕ ਕਿ ਸੰਗਤਾਂ ਦੀ ਮੁੱਠੀ-ਚਾਪੀ ਵੀ ਕਰ ਦਿਆ ਕਰਦੇ ਸਨ।ਸੰਨ ੧੭੦੪ ਵਿੱਚ ਜਦੋਂ ਭਾਈ ਘਨਈਆਂ ਜੀ ਅਨੰਦਪੁਰ ਸਾਹਿਬ ਵਿੱਖੇ ਗੁਰੂ ਸਾਹਿਬਾਂ ਦੇ ਦਰਸ਼ਨਾਂ ਲਈ ਪੁੱਜੇ ਤਾਂ ਭਾਈ ਸਾਹਿਬ ਜੀ ਨਿੱਤ ਕਰਮ ਅਨੁਸਾਰ ਗੁਰੂ ਕੇ ਲੰਗਰਾਂ ਲਈ ਜਲ ਦੀ ਸੇਵਾ ਸੰਭਾਲ ਲਈ। ਇਸੇ ਦੋਰਾਨ ਅਨੰਦਪੁਰ ਸਾਹਿਬ ਦੇ ਕਿਲੇ ਤੇ ਪਹਾੜੀ ਰਾਜਿਆਂ ਨੇ ਮੁਗਲ ਸੈਨਾ ਦੀ ਹਮਾਇਤ ਨਾਲ ਹਮਲਾ ਕਰ ਦਿੱਤਾ। ਸਿੰਘਾਂ ਨੇ ਵੀ ਮੋਰਚੇ ਸੰਭਾਲ ਲਏ। ਭਾਈ ਘਨੱਈਆ ਜੀ ਇਸ ਧਰਮ ਯੁੱਧ ਮੋਰਚੇ ਵਿੱਚ ਪਾਣੀ ਦੀ ਮਸ਼ਕ ਭਰਕੇ ਲੜਾਈ ਵਿੱਚ ਚਲਦੀਆਂ ਤੋਪਾਂ, ਬੰਦੁਕਾਂ ਤੇ ਤੀਰਾਂ ਦੀ ਪਰਵਾਹ ਕੀਤੇ ਬਗੈਰ ਜਿੱਥੇ ਕੋਈ ਵੀ ਪਾਣੀ ਮੰਗਦਾਂ, ਉੱਥੇ ਪਹੁੰਚ ਕੇ ਬਿਨਾਂ ਕਿਸੇ ਭੇਦਭਾਵ ਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਂਦੇ ।ਇਸ ਤਰਾਂ ਕੁੱਝ ਸਿੰਘ ਘਟ-ਘਟ ਦੀ ਜਾਨਣਹਾਰ ਸਤਿਗੁਰੂ ਜੀ ਕੋਲ ਨਤਮਸਤੱਕ ਹੋਇ ਅਤੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਜੀਓ, ਅਸੀ ਇਤਨੀ ਮਿਹਨਤ ਮਸ਼ਕੱਤ ਕਰਕੇ ਦੁਸ਼ਮਣਾਂ ਦੇ ਕਿਸੇ ਸਿਪਾਹੀ ਨੂੰ ਫਟੜ ਕਰਦੇ ਹਾਂ ਪਰ ਆਪ ਜੀ ਦਾ ਸੇਵਕ ਮਾਸ਼ਕੀ ਭਾਈ ਘਨੱਈਆ ਸਿੱਖਾਂ ਦੇ ਨਾਲ-ਨਾਲ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾਕੇ ਮੁੜ ਸੁਰਜੀਤ ਕਰ ਦਿੰਦਾ ਹੈ ਜਿਸ ਨਾਲ ਉਹ ਫਿਰ ਤੋਂ ਮੈਦਾਨੇ ਜੰਗ ਵਿੱਚ ਲੜਣ ਲੱਗ ਪੈਂਦੇ ਹਨ ਇਸ ਤਰਾਂ ਕਰਨ ਨਾਲ ਸਿੱਖ ਸਿਪਾਹੀਆਂ ਨੂੰ ਨੁਕਸਾਨ ਹੋ ਰਿਹਾ ਹੈ।ਆਪ ਜੀ ਉਸ ਨੂੰ ਸਮਝਾਉ ਕਿ ਉਹ ਇਸ ਤਰਾਂ ਨਾ ਕਰੇ। ਇਹ ਬਚਨ ਸੁਣ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆਂ ਜੀ ਨੂੰ ਅਪਣੇ ਪਾਸ ਬੁਲਾਉਣ ਲਈ ਸੱਦਾ ਭੇਜਿਆ।ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਮੁਖਾਰਬਿੰਦ ਹੋਕੇ ਬੋਲੇ ਕਿ ਭਾਈ ਘਨਈਆ, ਜੰਗ ਵਿੱਚ ਲੜਣ ਵਾਲੇ ਸਿੰਘਾਂ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ ਕਿ ਤੁਸਾਂ ਸਿੱਖਾਂ ਨੂੰ ਪਾਣੀ ਪਿਲਾਉਣ ਦੇ ਨਾਲ ਤੁਰਕਾਂ ਤੇ ਪਹਾੜੀਆਂ ਨੂੰ ਪਾਣੀ ਪਿਲਾਂਦੇ ਹੋ, ਨਹੀ, ਗੁਰੂ ਸਾਹਿਬ ਜੀ, ਮੈਨੂੰ ਤਾਂ ਕੋਈ ਦੁਸ਼ਮਨ ਨਹੀ ਦਿਸਦਾ। 'ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਬ੍ਰਹਮ ਪਾਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ' ਗੁਰੂ ਸਾਹਿਬ ਜੀ ਮੈਨੂੰ ਤਾਂ ਹਰ ਇੱਕ ਵਿੱਚ ਤੇਰੀ ਹੀ ਜੋਤ ਦਿਸਦੀ ਹੈ ਤੇ ਮੈਨੂੰ ਇੰਝ ਲਗਦਾ ਹੈ ਕਿ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ ਪਾਣੀ ਦੀ ਮੰਗ ਕਰ ਰਹੇ ਹਨ।ਜਿਹੜੇ ਪਾਸੇ ਵੇਖਾ ਬਸ ਮੈਨੂੰ ਤੁਹਾਡਾ ਰੂਪ ਹੀ ਨਜਰ ਆਉਂਦਾ ਹੈ। ਭਾਈ ਘਨਈਆ ਜੀ ਦੇ ਇਹ ਅਵਸਥਾ ਦੇਖ ਗੁਰੂ ਸਾਹਿਬ ਬੜੇ ਪ੍ਰਸਨ ਹੋਇ ਤੇ ਫੁਰਮਾਇਆ ਕਿ 'ਹਰਿ ਕਾ ਸੇਵਕੁ ਸੋ ਹਰਿ ਜੇਹਾ ਭੇਦ ਨਾ ਜਾਣਹੁ ਮਾਣਸ ਦੇਹਾ' ਭਾਈ ਘਨਈਆ ਜੀ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੈ ਅਤੇ ਇਸ ਨੇ ਬ੍ਰਹਮ ਨੂੰ ਸਮਝ ਲਿਆ ਹੈ, ਇਸ ਲਈ ਇਸ ਨੂੰ ਜਲ ਦੀ ਸੇਵਾ ਕਰਣ ਨੂੰ ਕੋਈ ਨ ਰੋਕੇ। ਫਿਰ ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਮਲ੍ਹਮ ਦੀ ਡੱਬੀ ਬਖਸ਼ਿਸ ਕੀਤੀ ਤੇ ਕਿਹਾ ਕਿ ਅੱਗੇ ਤੋਂ ਪਾਣੀ ਪਿਲਾਉਣ ਦੇ ਨਾਲ ਫਟੜਾਂ ਦੀ ਮਲ੍ਹਮ-ਪੱਟੀ ਵੀ ਕਰਿਆ ਕਰ।ਗੁਰੂ ਸਾਹਿਬਾਂ ਤੋਂ ਬਖਸ਼ਿਸ਼ਾਂ ਲੈ ਕੇ ਭਾਈ ਘਨੱਈਆ ਜੀ ਨੇ ਜਲ ਦੀ ਸੇਵਾ ਦੇ ਨਾਲ ਜੰਗ ਵਿੱਚ ਫਟੱੜ੍ਹ ਸੈਨਿਕਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਮਲ੍ਹਮ ਪੱਟੀ ਵੀ ਕਰਿਆਂ ਕਰਦੇ ਸੀ।੧੭੦੪ ਦੇ ਅਖੀਰ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਹੁਕਮ ਕੀਤਾ ਕਿ ਹੁਣ ਤੁਸੀਂ ਆਪਣੇ ਪਿੰਡ 'ਕਹਵਾ' ਵਿਚ ਜਾ ਕੇ ਲੋਕਾਂ ਦੀ ਸੇਵਾ ਕਰੋ। ਇਸ ਤਰਾਂ ਭਾਈ ਘਨੱਈਆ ਜੀ ਸੰਗਤਾਂ ਦੀ ਸੇਵਾ ਕਰਦਿਆਂ ਕੀਰਤਨ ਵਿਚ ਲੀਨ ਰਹਿੰਦੇ। ਧਰਮਸ਼ਾਲ ਵਿੱਚ ਕੋਈ ਵੀ ਆਉਂਦਾ ਭਾਈ ਜੀ ਸਭਨਾਂ ਦੀ ਸਮਦ੍ਰਿਸ਼ਟੀ ਨਾਲ ਸੇਵਾ ਕਰਦੇ। ਜਰਨੈਲੀ ਸੜਕ ਤੇ ਧਰਮਸਾਲ ਹੋਣ ਕਰਕੇ ਆਵਾਜਾਈ ਲੱਗੀ ਰਹਿੰਦੀ ਸੀ। ਹਰ ਸਾਲ ਦੀ ਤਰਾਂ ਇੱਕ ਪਠਾਨ ਸੋਦਾਗਰ ਨੂਰੀ ਸ਼ਾਹ ਸੋਦਾਗਰੀ ਲਈ ਉੱਥੋ ਦੀ ਲੰਘਿਆਂ। ਧਰਮਸ਼ਾਲ ਦੀ ਚਹਿਲ-ਪਹਿਲ ਵੇਖ ਉਸ ਨੇ ਸੜਕ ਤੋਂ ਲੰਘੇ ਜਾਂਦੇ ਰਾਹਗੀਰ ਤੋਂ ਇਸ ਸਥਾਨ ਬਾਰੇ ਪੁਛਿਆ। ਉਸ ਰਾਹਗੀਰ ਨੇ ਬੜੇ ਪਿਆਰ ਨਾਲ ਕਿਹਾ,'ਹੇ ਖਾਨ ਜੀ, ਇੱਥੇ ਖੁਦਾ ਦਾ ਪਿਆਰਾ ਆ ਕੇ ਠਹਿਰਿਆਂ ਹੋਇਆ ਹੈ ਅਤੇ ਉਸ ਨੇ ਹਰਇੱਕ ਰਾਹਗੀਰ ਲਈ ਬਿਨਾਂ ਕਿਸੇ ਭੇਦਭਾਵ ਦੇ ਲੰਗਰ-ਪਾਣੀ, ਬਿਸਤਰਾ ਮੁਹੱਈਆਂ ਕਰਵਾਇਆਂ ਹੈ। ਭਾਈ ਘਨੱਈਆਂ ਜੀ ਦੀ ਮਹਿਮਾ ਸੁਣ ਨੂਰੀ ਸ਼ਾਹ ਸੋਦਾਗਰ ਦੇ ਮਨ ਵਿੱਚ ਐਸੇ ਪਰਉਪਕਾਰੀ ਮਹਾਪੁਰਸ਼ ਦੇ ਦਰਸ਼ਨ ਕਰਨ ਦਾ ਚਾਉ ਪੈਦਾ ਹੋਇਆ ਅਤੇ ਧਰਮਸਾਲ ਦੇ ਅੰਦਰ ਚਲਾ ਗਿਆ। ਧਰਮਸਾਲ ਵਿੱਚ ਜਾਕੇ ਵੇਖਦਾ ਹੈ ਕਿ ਜਿੱਥੇ ਕੱਦੇ ਪੀਣ ਨੂੰ ਪਾਣੀ ਨਸੀਬ ਨਹੀ ਹੁੰਦਾ ਸੀ ਉੱਥੇ ਅੱਜ ਪਾਣੀ ਦੀਆਂ ਲਹਿਰਾਂ ਹਨ, ਰੋਟੀਆਂ ਖਾਣ ਨੂੰ ਮਿਲ ਰਹੀਆਂ ਹਨ, ਤੇ ਹਰ ਤਰਾਂ ਦਾ ਸੁੱਖ ਆਰਾਮ ਮਿਲ ਰਿਹਾ ਹੈ। ਬਾਹਰ ਅਪਣਾ ਤੰਬੂ ਲਗਾ ਸੇਵਾ ਵਿੱਚ ਜੁਟ ਗਿਆ ਤੇ ਮਨ ਵਿੱਚ ਧੀਰਜ ਕੀਤਾ। ਪ੍ਰਮਾਤਮਾ ਪ੍ਰਤਿ ਪ੍ਰੇਮ ਜਾਗਿਆ ਤੇ ਮਨ ਵਿੱਚ ਫੁਰਨਾ ਬਣਾਇਆਂ ਕਿ ਮਾਲ ਅਸਬਾਬ ਵੇਚ ਆਵਾਂ ਤਾਂ ਵਾਪਸੀ ਤੇ ਅਲ੍ਹਾਂ ਦੇ ਪਿਆਰੇ ਦੀ ਸੇਵਾ ਕਰਾਗਾਂ। ਇਸ ਤਰਾਂ ਨੂਰੀ ਸ਼ਾਹ ਅਗੱਲੇ ਦਿਨ ਅਪਣੇ ਪੜਾਅ ਨੂੰ ਰਵਾਨਾ ਹੋ ਗਿਆ।ਵਾਪਸੀ ਆਉਂਦੇ ਨੂਰੀ ਸ਼ਾਹ ਨੂੰ ਇੱਕ ਪਾਰਸ ਦੀ ਗਿੱਟੀ ਮਿਲੀ ਤੇ ਮਨ ਵਿੱਚ ਸੰਕਲਪ ਲਿਆ ਕਿ ਰਾਹ ਜਾਂਦੇ 'ਕਹਵੇ' ਧਰਮਸਾਲ ਦੇ ਮੁੱਖੀ ਨੂੰ ਇਹ ਭੇਟਾਂ ਕਰਾਂਗਾ ਤਾਂਕਿ ਉਹ ਸਾਂਈ ਲੋਕ ਰਾਹਗੀਰਾਂ ਦੀ ਹੋਰ ਵੱਧੀਆਂ ਢੰਗ ਨਾਲ ਸੇਵਾ ਕਰ ਸਕਣ। ਅਜਿਹੀ ਵਿਚਾਰਾਂ ਕਰਦਾ ਨੂਰੀ ਸ਼ਾਹ ਪਠਾਨ ਜਦੋਂ ਧਰਮਸਾਲ ਪਾਸ ਪੁੱਜਾ ਤਾਂ ਉਸ ਸਮੇਂ ਭਾਈ ਘਨੱਈਆ ਜੀ ਨਿਤਾਪ੍ਰਤੀ ਦੀ ਤਰਾਂ ਨਦੀ ਤੇ ਪਾਣੀ ਦੇ ਘੜੇ ਭਰਣ ਗਏ ਹੋਇ ਸੀ। ਪਤਾ ਲਗੱਣ ਤੇ ਪਠਾਨ ਨੂਰੀ ਸ਼ਾਹ ਭਾਈ ਜੀ ਦੇ ਮਗਰ ਨਦੀ ਤੇ ਹੀ ਚਲਾ ਗਿਆ। ਜਾਕੇ ਨਮਸਕਾਰ ਕੀਤੀ ਤੇ ਪਾਰਸ ਭੇਟ ਕਰ ਬੇਨਤੀ ਕੀਤੀ ਕਿ ਇਹ ਮੈਂ ਆਪ ਜੀ ਲਈ ਲੈ ਕੇ ਆਇਆਂ ਹਾਂ, ਇਸ ਨੂੰ ਪ੍ਰਵਾਨ ਕਰੋ। ਭਾਈ ਘਨੱਈਆ ਜੀ ਨੇ ਕਿਹਾ, ਭਗਤਾਂ ਇਹ ਪਥੱਰ ਮੇਰੇ ਕਿਸ ਕੰਮ, ਅਸੀ ਇਸ ਦਾ ਕੀ ਕਰਨਾ ਹੈ। ਤਾਂ ਨੂਰੀ ਨੇ ਕਿਹਾ, ਹੇ ਫਕੀਰ ਜੀ, ਇਹ ਆਮ ਪਥੱਰ ਨਹੀ, ਪਾਰਸ ਹੈ, ਇਸ ਨੂੰ ਵਰਤ ਕੇ ਤੁਸੀ ਲੋਕਾਂ ਲਈ ਲੰਗਰ ਇਤਿਆਦਿ ਦੀ ਹੋਰ ਵੱਧੀਆਂ ਸੇਵਾ ਕਰ ਸਕਦੇ ਹੋ। ਭਾਈ ਸਾਹਿਬ ਜੀ ਨੇ ਕਿਹਾ ਕਿ, ਲੰਗਰ ਤਾਂ ਖੁਦਾ ਦਾ ਅਪਣਾ ਹੈ, ਖੁਦਾ ਕੇ ਪਿਆਰਿਆ ਦੀ ਸੇਵਾ ਉਹ ਪ੍ਰਭੂ ਆਪ ਹੀ ਉਦੱਮ ਦੇਕੇ ਕਰਵਾ ਲੈਂਦਾ ਹੈ, ਇਸ ਲਈ ਤੂੰ ਲੰਗਰ ਦੀ ਫਿਕਰ ਨਾ ਕਰ। ਪਰ ਨੂਰੀ ਸ਼ਾਹ ਪਠਾਨ ਭਾਈ ਘਨੱਈਆ ਜੀ ਨੂੰ ਇਹ ਪਾਰਸ ਭੇਟ ਕਰਨਾ ਚਾਹੁੰਦਾ ਸੀ, ਜਿਆਦਾ ਕਹਿਣ ਤੇ ਭਾਈ ਘਨੱਈਆ ਜੀ ਨੇ ਫਿਰ ਨੂਰੀ ਸ਼ਾਹ ਨੂੰ ਪੁਛਿਆ ਕਿ, ਇਸ ਪਥੱਰ ਹੁਣ ਮੇਰਾ ਹੈ, ਹਾਂ ਜੀ, ਇਹ ਪਾਰਸ ਆਪ ਜੀ ਦਾ ਹੀ ਹੈ। ਇਤਨਾਂ ਸੁਣ ਭਾਈ ਜੀ ਨੇ ਉਹ ਪਾਰਸ ਨਦੀ ਵਿੱਚ ਸੁੱਟ ਦਿਤਾ। ਇਹ ਕੋਤਕ ਵੇਖ ਪਠਾਨ ਧੀਰਜ ਛੱਡ ਬੈਠਾ ਤੇ ਬੜੀ ਅਧੀਨਗੀ ਵਿੱਚ ਕਹਿਨ ਲਗਾ ਕਿ ਹੇ ਫਕੀਰ ਜੀ, ਜੇ ਤੁਸੀ ਨਹੀ ਰਖਣਾ ਸੀ ਤਾਂ ਇਸ ਨੂੰ ਨਦੀ ਵਿੱਚ ਤਾਂ ਨਾ ਸੁਟੱਦੇ, ਇਹ ਬਹੁਮੁੱਲਾ ਪਾਰਸ ਨਾ ਤੁਹਾਡੇ ਕੰਮ ਆਇਆ ਅਤੇ ਨਾਹੀ ਮੇਰੇ ਕਿਸੇ ਕੰਮ ਆਇਆ ਹੈ ਅਤੇ ਮਨ ਵਿੱਚ ਸੰਕਲਪ ਲਿਆ ਕਿ ਇਸ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ, ਭਾਈ ਘਨੱਈਆਂ ਜੀ ਨੇ ਪਠਾਨ ਨੂਰੀਸ਼ਾਹ ਨੂੰ ਸੰਬੋਧਿਤ ਹੋਕੇ ਕਿਹਾ ਕਿ ਅਸੀ ਤਾਂ ਖੁਦਾ ਦੀ ਚੀਜ ਖੁਦਾ ਪਾਸ ਪਹੁੰਚਾ ਦਿਤੀ ਹੈ ਪਰ ਫਿਰ ਵੀ ਜੇ ਤੈਨੂੰ ਇਤਨਾ ਭਰਮ ਲਗਾ ਹੈ ਤਾਂ ਜਾਹ ਨਦੀ ਵਿਚੋਂ ਅਪਨਾ ਪਾਰਸ ਕੱਢ ਲਿਆ। ਜੱਦ ਪਠਾਨ ਨੇ ਨਦੀ ਵੱਲ ਝਾਤੀ ਮਾਰੀ ਤਾਂ ਉਸ ਕੀ ਵੇਖਿਆ ਕਿ ਨਦੀ ਵਿੱਚ ਪਾਰਸ ਦੇ ਢੇਰ ਪਏ ਸਨ, ਇਹ ਅਸਚਰਜਤਾ ਵੇਖ ਪਠਾਨ ਨੂਰੀ ਸ਼ਾਹ ਭਾਈ ਘਨੱਈਆ ਜੀ ਦੇ ਚਰਣਾਂ ਵਿੱਚ ਢਹਿ ਪਿਆ ਤੇ ਬੇਨਤੀ ਕੀਤੀ, ਹੇ ਖੁਦਾ ਦੇ ਬੰਦੇ, ਰਹਿਮ ਕਰ ਅਤੇ ਮੈਨੂੰ ਬਖਸ਼, ਮੈਨੂੰ ਅਪਣੇ ਚਰਣਾਂ ਦਾ ਭੋਰਾਂ ਬਣਾ ਲਵੋ, ਇਸ ਮਾਇਆ ਦੇ ਧੰਧਿਆਂ ਤੋਂ ਛੁਟਕਾਰਾ ਦਿਵਾਉ ਜੀ। (ਸੰਤ ਰਤਨਮਾਲਾ ਦੇ ਕਰਤਾ ਅਨੁਸਾਰ ਪਠਾਨ ਨੂਰੀਸ਼ਾਹ ਨੇ ਅਪਣਾ ਸੱਭ ਕੁਝ ਲੋੜਵੰਦਾਂ ਵਿੱਚ ਵੰਡ ਦਿਤਾ ਅਤੇ ਆਪ ਭਾਈ ਘਨੱਈਆ ਜੀ ਪਾਸ ਧਰਮਸਾਲ ਦੀ ਸੇਵਾ ਵਿੱਚ ਜੁਟ ਗਿਆ। ਨੂਰੀ ਨਿਹਾਲ ਨਾਮ ਦੇ ਇਸ ਪਠਾਨ ਦੀ ਧਰਮਸਾਲ ਹੁਣ ਵੀ 'ਕਹਵੇ' ਮੋਜੁਦ ਹੈ)

ਧਰਮਸ਼ਾਲ ਵਿੱਚ ਸਵੇਰ ਸ਼ਾਮ ਦੇ ਦੀਵਾਨ ਸਮੇ ਹਰਿ ਜਸ ਕੀਰਤਨ ਨਿਤਾਪ੍ਰਤੀ ਹੁੰਦਾ ਸੀ, ਇੱਕ ਦਿਨ ਭਾਈ ਘਨੱਈਆ ਜੀ ਨੇ ਅਪਣਾ ਅੰਤਿਮ ਸਮਾਂ ਨੇੜੇ ਜਾਣਕੇ ਸ਼ਾਮ ਦੇ ਦੀਵਾਨਾ ਵਿੱਚ ਹਾਜਰੀ ਭਰਨ ਸਮੇਂ ਦੀਵਾਰ ਦੀ ਢਾਢਸ ਲਾ ਲਈ ਤੇ ਨਿਰਬਾਨ ਕੀਰਤਨ ਵਿੱਚ ਜੁੜ ਗਏ। ਆਮਤੋਰ ਤੇ ਰਾਤ ਦੇ ਦੀਵਾਨ ਦੀ ਸਮਾਪਤੀ ਭਾਈ ਘਨੱਈਆ ਜੀ ਦੇ ਇਸ਼ਾਰੇ ਨਾਲ ਹੁੰਦੀ ਸੀ ਪਰ ਅਕਾਲ ਚਲਾਨੇ ਵਾਲੇ ਦਿਨ ਸਾਰੀ ਰਾਤ ਨਿਰਬਾਨ ਕੀਰਤਨ ਹੁੰਦਾ ਰਿਹਾ ਤੇ ਸਵੇਰੇ ਸੂਰਜ ਦੀ ਟਿੱਕੀ ਵੀ ਚੜ ਆਈ ਸੀ, ਪਰ ਆਪ ਜੀ ਵਲੋਂ ਕੋਈ ਇਸ਼ਾਰਾ ਨਹੀ ਸੀ ਹੋਇਆਂ ਤਾਂ ਇੱਕ ਪ੍ਰੇਮੀ ਨੇ ਜੱਦੋ ਨੇੜੇ ਜਾਕੇ ਤੱਕਿਆ ਤਾਂ 

'ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੁਆ ਰਾਮ ॥ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥' ੮੪੬॥

ਇਸ ਤਰਾਂ ਭਾਈ ਘਨੱਈਆ ਜੀ ਪਿੰਡ ਸੋਧਰੇ ਵਿਖੇ ੨੦ ਸਤੰਬਰ, ਸੰਨ ੧੭੧੮ ਈਸਵੀ ਨੂੰ ਲਗਪਗ ੭੦ ਸਾਲ ਦੀ ਉਮਰ ਬਤੀਤ ਕਰਕੇ ਸਤਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ।* ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਦੀ ਪਵਿਤ੍ਰ ਦੇਹ ਨੂੰ ਜਲ ਪ੍ਰਵਾਹ ਕਰ ਦਿਤਾ ਗਿਆ ਸੀ । ਉਨ੍ਹਾਂ ਵਲੋਂ ਅਰੰਭੀ ਗਈ ਸੇਵਾ ਨੂੰ ਵਿਸ਼ਵ ਪਧੱਰ ਤੇ ਸੇਵਾਪੰਥੀ ਸੰਪਰਦਾ ਦੇ ਗੁਰਸਿੱਖ ਪਿਆਰੇ, ਸੰਤ, ਮਹਾਪੁਰਸ਼ ਸੀਨਾ ਬਸੀਨਾ ਨਿਭਾ ਰਹੇ ਹਨ ਅਤੇ ਉਹਨਾ ਤੋਂ ਬਾਅਦ ਭਾਈ ਸੇਵਾਰਾਮ ਜੀ, ਭਾਈ ਸਹਿਜ ਰਾਮ ਜੀ, ਭਾਈ ਅੱਡਣ ਜੀ, ਭਾਈ ਦੁਖਭੰਜਨ ਜੀ, ਭਾਈ ਭਲਾ ਰਾਮ ਜੀ, ਭਾਈ ਬੁਧੂ ਜੀ, ਭਾਈ ਹਰਦਰਸ਼ਨ ਸਿੰਘ ਜੀ, ਮਹੰਤ ਜਵਾਹਰ ਸਿੰਘ ਜੀ, ਸੰਤ ਪੰਡਿਤ ਨਿਸ਼ਚਲ ਸਿੰਘ ਜੀ, ਮਹੰਤ ਗੁਰਮੁੱਖ ਸਿੰਘ ਜੀ, ਮਹੰਤ ਤੀਰਥ ਸਿੰਘ ਜੀ ਜੈਸੇ ਅਨੇਕੋਂ ਹੀ ਸਾਧੂ, ਸੰਤ, ਮਹਾਪੁਰਸ਼ ਹੋਇ ਹਨ ਜਿਨਾਂ ਨੇ ਸੇਵਾ ਦੇ ਖੇਤਰ ਵਿੱਚ ਅਨੇਕਾਂ ਹੀ ਕਾਰਜ ਕੀਤੇ ਹਨ। ਸ਼ਰੀਰਕ ਸੇਵਾ ਹੀ ਨਹੀਂ, ਸਾਹਿਤਕ ਸੇਵਾ ਵਿੱਚ ਬਹੁਤ ਯੋਗਦਾਨ ਪਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੁਧਾਈ, ਗੁਰਬਾਣੀ ਦੀਆਂ ਪੋਥੀਆਂ, ਜਪੁ ਬਾਣੀ, ਸੁਖਮਨੀ ਸਾਹਿਬ ਜੀ ਦੇ ਗੁਟਕੇ ਅਤੇ ਸੰਸਕ੍ਰਿਤ, ਫਾਰਸੀ ਭਾਸਾਵਾਂ ਵਿੱਚ ਲਿਖੇ ਹੋਰ ਧਰਮ ਗ੍ਰਥਾਂ ਦੇ ਪੰਜਾਬੀ ਵਿੱਚ ਉਤਾਰੇ ਛਪਵਾਏ ਹਨ। 

ਇਸੇ ਸੰਪ੍ਰਦਾ ਦੇ ਮਹਾਪੁਰਸ਼ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਯਮੁਨਾਨਗਰ, ਮਹੰਤ ਤੀਰਥ ਸਿੰਘ ਜੀ ਗੋਣਿਆਣਾ ਮੰਡੀ, ਮਹੰਤ ਗੁਰਮੁੱਖ ਸਿੰਘ ਜੀ ਦਿੱਲੀ ਨਾਮਵਰ ਮਹਾਪੁਰਸ਼ ਹੋਇ ਹਨ, ਪੰਥਕ ਸਫਾਂ ਵਿੱਚ ਸਿੱਖ ਲੀਡਰਸ਼ੀਪ ਇਹਨਾਂ ਮਹਾਪੁਰਖਾਂ ਤੋਂ ਸੇਧ ਲੈਂਦੀ ਰਹੀ ਹੈ। ਸੰਤ ਪੰਡਿਤ ਨਿਸ਼ਚਲ ਸਿੰਘ ਜੀ ਹਮੇਸ਼ਾ ਪੰਥਕ ਸਰਗਰਮੀਆਂ ਵਿੱਚ ਹਿਸਾ ਲੈਂਦੇ ਰਹੇ ਸੀ। ਸੰਤ ਨਿਸ਼ਚਲ ਸਿੰਘ ਜੀ ਦਾ ਜਨਮ ਮਿੱਠਾ ਟਿਵਾਣਾ (ਪਾਕਿਸਤਾਨ) ਵਿੱਚ ੧੮ ਅਪ੍ਰੈਲ ੧੮੮੨ ਇਸਵੀ ਨੂੰ ਮਾਤਾ ਪਿਆਰ ਕੋਰ ਦੀ ਕੁੱਖ ਤੋਂ ਭਾਈ ਅਮੀਰ ਸਿੰਘ ਜੀ ਦੇ ਘਰ ਹੋਇਆ।ਘਰ ਵਿੱਚ ਧਾਰਮਿਕ ਮਾਹੋਲ ਹੋਣ ਕਰਕੇ ਬਚਪਨ ਤੋਂ ਹੀ ਆਪ ਜੀ ਦੀ ਲਗਨ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ, ਸਿੱਖ ਇਤਿਹਾਸ ਪੜਨ ਵਿੱਚ ਲਗ ਗਈ ਸੀ। ਆਪ ਜੀ ਨੇ ਗੁਰਮੁਖੀ ਅਖੱਰ ਬੋਧ, ਗੁਰਬਾਣੀ ਪਾਠ ਅਤੇ ਹੋਰ ਧਾਰਮਿਕ ਵਿਦਿਆ ਸੇਵਾਪੰਥੀ ਸੰਪ੍ਰਦਾ ਦੇ ਮਹਾਪੁਰਖ ਬਾਬਾ ਭਗਤ ਸਿੰਘ ਜੀ ਅਤੇ ਮਹੰਤ ਜਵਾਹਰ ਸਿੰਘ ਜੀ ਪਾਸੋਂ ਹਾਸਿਲ ਕੀਤੀ। ਮੁਢਲੀ ਵਿਦਿਆ ਪੂਰੀ ਹੋਣ ਬਾਅਦ ਨਿਸਚਲ ਸਿੰਘ ਜੀ ਨੂੰ ਗੁਰਵਬਾਣੀ ਦੀ ਵਿਦਿਆ ਦੇਣ ਦੇ ਨਾਲ-ਨਾਲ ਹੋਰਣਾ ਧਰਮਾਂ ਦੀ ਜਾਣਕਾਰੀ ਲਈ ਹਰਿਦੁਆਰ ਤੇ ਬਨਾਰਸ ਵਿੱਖੇ ਭੇਜਿਆ, ਜਿੱਥੇ ਸਿੱਖ ਧਰਮ ਦੇ ਨਾਲ ਹੋਰਨਾਂ ਧਰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਪੰਡਿਤਾਈ ਦੀ ਡਿਗਰੀ ਪ੍ਰਾਪਤ ਕੀਤੀ। ਜੱਦੋ ਆਪ ਜੀ ਪੜਾਈ ਤੋਂ ਉਪਰਾਂਤ ਵਾਪਿਸ ਆਏ ਤਾਂ ਸਹਿਜੇ ਹੀ ਮਹੰਤ ਜਵਾਹਰ ਸਿੰਘ ਜੀ ਨੇ ਕਿਹਾ ਕਿ ਸਾਡਾ ਪੰਡਿਤ (ਗਿਆਨਵਾਨ) ਆ ਗਿਆ ਹੈ, ਆਪ ਜੀ ਨੇ ਬਚਿੱਆ ਨੂੰ ਦੁਨਿਆਵੀਂ ਵਿਦਿਆ ਪੜਾਉਣ ਲਈ ਹੀ ਸਕੂਲ / ਕਾਲਜ ਖੋਲ੍ਹੇ ਸਨ।ਆਪ ਜੀ ਨੇ ਇਲਾਕੇ ਵਿੱਚ ਪੜਾਈ ਦੀ ਕਮੀ ਨੂੰ ਵੇਖਦੇ ਹੋਇ ਗੁਰੂ ਨਾਨਕ ਖਾਲਸਾ ਹਾਈ ਸਕੂਲ ਖੋਲਣ ਦੀ ਪ੍ਰੇਰਨਾ ਦਿੱਤੀ ਜੋਕਿ ਮਹੰਤ ਜਵਾਹਰ ਸਿੰਘ ਜੀ ਨੇ ਸੰਨ ੧੯੧੪ ਵਿੱਚ ਮੰਡੀ ਬਹਾਉਦੀਨ (ਪਾਕਿਸਤਾਨ) ਵਿੱਚ ਸਕੂਲ ਦੀ ਨੀਂਹ ਰੱਖੀ। ਪਾਕਿਸਤਾਨ ਵੰਡ ਤੋਂ ਬਾਅਦ ਆਪ ਜੀ ਨੇ ਯਮੁਨਾਨਗਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਪ੍ਰਕਾਸ਼ ਸ਼ਤਾਬਦੀ ਨੁੰ ਮੁੱਖ ਰੱਖਕੇ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਣਵਾਇਆ ਅਤੇ ੧੯੭੩ ਵਿੱਚ ਗੁਰੂ ਨਾਨਕ ਗਰਲਜ਼ ਕਾਲੱਜ ਦੀ ਸਥਾਪਨਾ ਕੀਤੀ।ਦੇਸ਼ਭਰ ਦੀਆਂ ਅਨੇਕਾਂ ਸਿੱਖ ਸੰਸਥਾਂਵਾਂ ਨੇ ਆਪ ਜੀ ਤੋਂ ਪ੍ਰੇਰਣਾ ਲੈਕੇ ਗੁਰੂ ਸਾਹਿਬਾਂ ਦੇ ਨਾਂ ਤੇ ਵਿਦਿਅੱਕ ਅਦਾਰੇ ਸਥਾਪਿਤ ਕੀਤੇ। ਆਪ ਜੀ ਦੀ ਪ੍ਰੇਰਣਾ ਨਾਲ ੫੩ ਸਕੂਲ ਸਥਾਪਿਤ ਹੋਇ ਹਨ, ਉਹਨਾਂ ਵਿੱਚੋ ਕਈ ਸਕੂਲ ਅੱਜ ਕਾਲਜ ਅਤੇ ਯੁਨੀਵਰਸਿਟੀ ਦਾ ਰੂਪ ਬਣ ਚੁੱਕੇ ਹਨ। ਜੋਕਿ ਹੁਣ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਦੀ ਪ੍ਰਧਾਨਗੀ ਵਿੱਚ ਚੱਲ ਰਹੇ ਹਨ।

File history

Click on a date/time to view the file as it appeared at that time.

Date/TimeDimensionsUserComment
current09:05, 17 April 2018 (123 KB)Hsingh777 (talk | contribs)(ਸੇਵਾਪੰਥੀ ਸੰਪ੍ਰਦਾ ਦੇ ਮੋਢੀ ਅਤੇ ਮਾਨਵਤਾ ਦੇ ਪੁੰਜ) ਭਾਈ ਘਨੱਈਆ ਜੀ ਸੰਸਾਰ ਭਰ ਦੇ ਵੱਖੋ-ਵੱਖ ਮਤਾਂ-ਮਤਾਂਤਰਾਂ, ਧਰਮ...

There are no pages that use this file.