File:Sant pandit nischal singh ji 18.pdf

From SikhiWiki
Jump to navigationJump to search

Sant_pandit_nischal_singh_ji_18.pdf(file size: 99 KB, MIME type: application/pdf)

ਸੰਤ ਪੰਡਿਤ ਨਿਸ਼ਚਲ ਸਿੰਘ ਜੀ (ਜਨਮ ਮਰਣ ਦੁਹਹੁ ਮਹਿ ਨਾਹੀ ਜਨ ਪਰਉਪਕਾਰੀ ਆਏ) ਗੁਰਬਾਣੀ ਫੁਰਮਾਨ ਹੈ : 'ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥' ਜਿਹੜਾ ਮਨੁੱਖ ਅਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀ ਵਿਸਾਰਦੇ ਅਤੇ ਜਿਨਾਂ ਦੇ ਮਨਾਂ ਵਿੱਚ ਬਸ ਏਹੀ ਨਾਮ ਸਿਮਰਨ ਰੂਪੀ ਮੰਤ੍ਰ ਹੈ ਅਜਿਹੇ ਜਗਿਆਸੂ ਲੋਕ ਧੰਨ ਹਨ ਅਤੇ ਪੂਰੇ ਸਾਧੂ ਹਨ।ਸੰਤ ਜਾਂ ਸਾਧ ਉਸ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜਿਹੜਾ ਸ਼ਰੀਰ ਰੁਹਾਨੀਅਤ ਦੀ ਉਸ ਅਵਸਥਾ ਤੱਕ ਅਪੜ ਜਾਂਦਾ ਹੈ ਜਿਹੜਾ ਅਪਨੇ ਜਪ, ਤਪ ਤੇ ਤਿਆਗ ਸਦਕਾ ਸ਼ਰਧਾਹੀਨ ਹਿਰਦਿਆਂ ਵਿੱਚ ਪ੍ਰਭੂ ਪਿਆਰ ਦੀ ਤੜਫ ਪੈਦਾ ਕਰ ਦੇਣ।ਉਹ ਸਦਾ ਇਸ ਗੁਰਬਾਣੀ ਫੁਰਮਾਨ ਨੂੰ ਯਾਦ ਰਖਣ ਕਿ 'ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ ਭਾਵ ਉਹ ਮਨੁੱਖ ਆਪ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੇ ਅਤੇ ਹੋਰਣਾਂ ਨੂੰ ਵੀ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੋੜਣ ਦਾ ਯਤਨ ਕਰੇ।ਅਜੇਹੀ ਬਿਰਤੀ ਦੇ ਮਾਲਿਕ ਸਨ ਸੰਤ ਪੰਡਿਤ ਨਿਸ਼ਚਲ ਸਿੰਘ ਜੀ, ਇਸ ਪੁਸਤਕ ਵਿੱਚ ਅਸੀ ਗੁਰਮੁਖ ਜਨ, ਸਾਧੂ, ਬ੍ਰਹਮ ਗਿਆਨੀ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੇ ਜੀਵਨ ਤੇ ਝਾਤ ਮਾਰਣ ਦਾ ਯਤਨ ਕੀਤਾ ਹੈ।

ਸੰਤ ਨਿਸ਼ਚਲ ਸਿੰਘ ਜੀ ਦਾ ਜਨਮ ਮਿੱਠਾ ਟਿਵਾਣਾ (ਪਾਕਿਸਤਾਨ) ਵਿੱਚ ੧੮ ਅਪ੍ਰੈਲ ੧੮੮੨ ਇਸਵੀ ਨੂੰ ਮਾਤਾ ਪਿਆਰ ਕੋਰ ਦੀ ਕੁੱਖ ਤੋਂ ਭਾਈ ਅਮੀਰ ਸਿੰਘ ਜੀ ਦੇ ਘਰ ਹੋਇਆ।ਘਰ ਵਿੱਚ ਧਾਰਮਿਕ ਮਾਹੋਲ ਹੋਣ ਕਰਕੇ ਬਚਪਨ ਤੋਂ ਹੀ ਆਪ ਜੀ ਦੀ ਲਗਨ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ, ਸਿੱਖ ਇਤਿਹਾਸ ਪੜਨ ਵਿੱਚ ਲਗ ਗਈ ਸੀ।ਮਿਠਾ ਟਿਵਾਣਾ ਇਲਾਕੇ ਵਿੱਚ ਸੇਵਾਪੰਥੀ ਸੰਪ੍ਰਦਾ ਦੇ ਮਹਾਪੁਰਸ਼ ਗੁਰਮਤਿ ਪ੍ਰਚਾਰ ਲਈ ਕੀਰਤਨ, ਕਥਾ ਦੇ ਪ੍ਰਵਾਹ ਚਲਾਈ ਰਖਦੇ ਸੀ। ਬਾਬਾ ਭਗਤ ਸਿੰਘ ਜੀ, ਬਾਬਾ ਉਤੱਮ ਸਿੰਘ ਜੀ ਅਤੇ ਬਾਬਾ ਸਤਿਨਾਮ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ ਪਿੰਡ ਦੇ ਹੀ ਜੰਮਪਲ ਸਨ। ਆਪ ਜੀ ਨੇ ਗੁਰਮੁਖੀ ਅਖੱਰ ਬੋਧ, ਗੁਰਬਾਣੀ ਪਾਠ ਅਤੇ ਹੋਰ ਧਾਰਮਿਕ ਵਿਦਿਆ ਸੇਵਾਪੰਥੀ ਸੰਪ੍ਰਦਾ ਦੇ ਮਹਾਪੁਰਖ ਬਾਬਾ ਭਗਤ ਸਿੰਘ ਜੀ ਅਤੇ ਮਹੰਤ ਜਵਾਹਰ ਸਿੰਘ ਜੀ ਪਾਸੋਂ ਹਾਸਿਲ ਕੀਤੀ।
ਮੁਢਲੀ ਵਿਦਿਆ ਪੂਰੀ ਹੋਣ ਉਪਰਾਂਤ ਮਹੰਤ ਜਵਾਹਰ ਸਿੰਘ ਜੀ ਨੇ (ਸੰਤ) ਨਿਸ਼ਚਲ ਸਿੰਘ ਜੀ ਨੂੰ ਪੜਾਈ ਲਈ ਸਤੋਵਾਲੀ ਗੱਲੀ ਅੰਮ੍ਰਿਤਸਰ ਵਿੱਖੇ ਭਾਈ ਅਮੀਰ ਸਿੰਘ ਜੀ ਪਾਸ ਭੇਜ ਦਿਤਾ। ਇੱਥੇ ਹੀ ਗੁਰਬਾਣੀ ਦੀ ਵਿਆਖਿਆ, ਸੂਰਜ ਪ੍ਰਕਾਸ਼ ਦੀ ਕਥਾ ਸਿੱਖੀ।ਇਸ ਤੋਂ ਇਲਾਵਾ ਹਰਿਦੁਆਰ ਤੇ ਬਨਾਰਸ ਵਿੱਖੇ ਆਪ ਜੀ ਨੇ ਵੱਖੋ - ਵੱਖ ਧਰਮਾਂ ਦੇ ਗ੍ਰੰਥ ਪੜ੍ਹੇ ਅਤੇ ਹੋਰਨਾਂ ਧਰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਜੱਦੋ ਆਪ ਜੀ ਪੜਾਈ ਤੋਂ ਉਪਰਾਂਤ ਵਾਪਿਸ ਆਏ ਤਾਂ ਸਹਿਜੇ ਹੀ ਮਹੰਤ ਜਵਾਹਰ ਸਿੰਘ ਜੀ ਨੇ ਕਿਹਾ ਕਿ ਸਾਡਾ ਪੰਡਿਤ (ਗਿਆਨਵਾਨ) ਆ ਗਿਆ ਹੈ, (ਪਾਠਕ ਜਨ ਜਾਣਦੇ ਹਨ ਕਿ ਜਿਸ ਤਰਾਂ ਹੁਣ ਕੋਈ ਵਿਸ਼ੇਸ਼ ਪੜਾਈ ਕਰਣੀ ਹੋਵੇ ਤਾਂ ਪ੍ਰਭਾਕਰ, ਗਿਆਨੀ ਦੇ ਕੋਰਸ ਜਾਂ ਅੱਜਕਲ ਡੀ.ਐਡ,ਬੀ.ਐਡ ਕਰਦੇ ਹਾਂ ਉਸੇ ਤਰਾਂ ਹੀ ਧਰਮਾਂ ਦੀ ਜਾਣਕਾਰੀ ਲੈਣ ਲਈ ਬਨਾਰਸ ਵਿੱਖੇ 'ਪੰਡਿਤ' ਦਾ ਕੋਰਸ ਹੁੰਦਾ ਸੀ ਜਿਸ ਵਿਚ ਸਿਖਿਆਰਥੀਆਂ ਨੂੰ ਵੇਦਾਂ, ਪੁਰਾਨਾਂ, ਸਿਮ੍ਰਤੀਆਂ, ਗੀਤਾ ਅਤੇ ਹੋਰ ਧਰਮ ਗ੍ਰੰਥਾਂ ਦੀ ਜਾਣਕਾਰੀ ਦਿੱਤੀ ਜਾਂਦੀ ਸੀ ) ਉਸ ਦਿਨ ਤੋਂ ਬਾਅਦ (ਸੰਤ) ਨਿਸ਼ਚਲ ਸਿੰਘ ਜੀ ਦੇ ਨਾਮ ਨਾਲ ਪੰਡਿਤ ਸ਼ਬਦ ਵੀ ਲੱਗ ਗਿਆ।
ਆਪ ਜੀ ਨੇ ਇਲਾਕੇ ਵਿੱਚ ਪੜਾਈ ਦੀ ਕਮੀ ਨੂੰ ਵੇਖਦੇ ਹੋਇ ਗੁਰੂ ਨਾਨਕ ਖਾਲਸਾ ਹਾਈ ਸਕੂਲ ਖੋਲਣ ਦੀ ਪ੍ਰੇਰਨਾ ਦਿੱਤੀ ਜੋਕਿ ਮਹੰਤ ਜਵਾਹਰ ਸਿੰਘ ਜੀ ਨੇ ਸੰਨ ੧੯੧੪ ਵਿੱਚ ਸਕੂਲ ਦੀ ਨੀਂਹ ਰੱਖੀ ਅਤੇ ਆਪ ਜੀ ਦੇ ਵੱਡੇ ਭਾਈ ਮਹਿਤਾਬ ਸਿੰਘ * ਨੂੰ ਇਮਾਰਤ ਬਨਾਉਣ ਤੇ ਯੋਗ ਪ੍ਰਬੰਧ ਕਰਨ ਦਾ ਜਿੰਮਾ ਸੋਂਪਿਆ। ਸੰਤ ਪੰਡਿਤ ਨਿਸ਼ਚਲ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਜੀ ਦੀ ਦੇਖ ਰੇਖ ਵਿੱਚ ਵਿਦਿਆ ਦੇ ਚਾਨਣ ਦਾ ਮੁਨਾਰਾ ਖੜਾ ਹੋ ਗਿਆ ਜਿੱਥੋ ਹਜਾਰਾਂ ਦੀ ਗਿਣਤੀ ਵਿੱਚ ਹਰ ਧਰਮ ਦੇ ਬਚਿੱਆ ਨੇ ਦੁਨਿਆਵੀਂ ਪੜਾਈ ਹਾਸਿਲ ਕੀਤੀ।੧੯੪੭ ਦੀ ਵੰਡ ਤੱਕ ਇਹ ਸਕੂਲ ਚੜਦੀਕਲਾ ਵਿੱਚ ਚਲਦਾ ਰਿਹਾ ਹੈ।ਆਪ ਜੀ ਨੇ ੧੯੨੬ ਵਿੱਚ ਮੰਡੀ ਬਹਾਉਲਦੀਨ ਵਿੱਖੇ ਡੇਰਾ ਸੰਤਪੁਰਾ ਧਰਮਸਾਲ ਸਥਾਪਿਤ ਕੀਤੀ, ਜਿੱਥੇ ਸੁੰਦਰ ਹਰਿਮੰਦਰ ਤਿਆਰ ਕੀਤਾ ਗਿਆ।ਵਿਦਿਆ ਦੀ ਟਕਸਾਲ ਸਥਾਪਿਤ ਕੀਤੀ ।ਆਪ ਜੀ ਜਿਆਦਾਤਰ ਧਰਮ ਪ੍ਰਚਾਰ ਦੋਰਿਆ ਤੇ ਹੀ ਰਹਿੰਦੇ ਸੀ।ਸੰਨ ੧੯੩੦-੩੧ ਵਿੱਚ ਜੇਹਲਮ ਦੇ ਪਿੰਡ ਮੀਰਪੁਰ ਵਿੱਖੇ ਮੁਸਲਮਾਨ ਭਾਈਚਾਰੇ ਦੀ ਆਬਾਦੀ ਜਿਆਦਾ ਹੋਣ ਕਰਕੇ ਉਹ ਲੋਕ ਘੱਟ ਗਿਣਤੀ ਹਿੰਦੁਆਂ ਨੂੰ ਤੱਗ ਪ੍ਰੇਸ਼ਾਨ ਕਰਦੇ ਸੀ ਅਤੇ ਘਰਾਂ ਨੂੰ ਅੱਗਾਂ ਲਾ ਲੁੱਟਮਾਰ ਕਰਦੇ ਸੀ ਜਦੋਂ ਇਸ ਬਾਰੇ ਆਪ ਜੀ ਨੂੰ ਪਤਾ ਲਗਿਆ ਤਾਂ ਆਂਪ ਜੀ ਦਰਿਆ ਪਾਰ ਕਰ ਮੀਰਪੁਰ ਪੁੱਜੇ ਅਤੇ ਗੁਰਮਤਿ ਪ੍ਰਚਾਰ ਰਾਹੀਂ ਹਿੰਦੁ ਭਾਈਚਾਰੇ ਨੂੰ ਸ਼ਸ਼ਤਰਧਾਰੀ ਬਨਕੇ ਅਪਣੀ ਰਖਿੱਆ ਖੁਦ ਕਰਣ ਦੀ ਪ੍ਰੇਰਣਾ ਦਿੱਤੀ। ਸੰਤ ਨਿਸ਼ਚਲ ਸਿੰਘ ਜੀ ਦੀ ਪ੍ਰੇਰਣਾ ਸਦਕਾਂ ਲਗਭਗ ੨੦੦ ਦੇ ਕਰੀਬ ਪ੍ਰਾਣੀ ਅੰਮ੍ਰਿਤਧਾਰੀ ਸਿੱਖ ਸਜੇ। ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੇ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋਕੇ ਹਜਾਰਾਂ ਦੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਪਾਨ ਕਰ ਗੁਰਮਤ ਨਾਲ ਜੁੜੇ।

(* ਆਪ ਜੀ ਦੇ ਵੱਡੇ ਭਰਾਤਾ ਭਾਈ ਮਹਤਾਬ ਸਿੰਘ ਜੀ ਭਾਈ ਭਗਤ ਸਿੰਘ ਜੀ ਦੇ ਮੁੱਖ ਚੇਲੇ ਸੀ ਅਤੇ ਉਨ੍ਹਾਂ ਦੀ ਆਗਿਆ ਵਿੱਚ ਰਹਿ ਕੇ ਬੱਚੇ - ਬੱਚੀਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੀ ਸਿਖਲਾਈ ਵੀ ਦਿੰਦੇ ਸਨ।ਪਹਿਲੇ ਭਾਈ ਮਹਿਤਾਬ ਸਿੰਘ ਜੀ ਭਾਈ ਭਗਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਬੁਤਾਲੇ ਪਿੰਡ ਧਰਮਸਾਲ ਸਥਾਪਿਤ ਕੀਤੀ ਫਿਰ ਹਡਾਲੀ ਧਰਮਸਾਲ ਦੀ ਸੇਵਾ ਨਿਭਾਈ ਅਤੇ ਮਿਠੇ ਟਿਵਾਣੇ ਵਿੱਖੇ ਗੁਰੂ ਨਾਨਕ ਹਾਈ ਸਕੂਲ ਦੀ ਇਮਾਰਤ ਬਣਵਾਈ ਤੇ ਸਕੂਲ ਦਾ ਪ੍ਰਬੰਧ ਸੰਭਾਲਿਆ। ਡੇਰਾ ਸੰਤਪੁਰਾ, ਮੰਡੀ ਬਹਾਉਦੀਨ (ਗੁਜਰਾਤ, ਪਾਕਿਸਤਾਨ) ਧਰਮਸਾਲ ਦੀ ਸਥਾਪਨਾ ਤੇ ਪ੍ਰਬੰਧ ਆਪ ਜੀ ਨੇ ਕਰਵਾਇਆ।੧੯੪੭ ਭਾਰਤ-ਪਾਕ ਸਾਕੇ ਦੋਰਾਨ ੭੦੦ ਪ੍ਰਾਣੀਆਂ ਸਮੇਤ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।) ਆਪ ਜੀ ਸੰਗਤਾਂ ਨੂੰ ਇਤਿਹਾਸਿਕ ਗੁਰਦੁਆਰਿਆ ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰੇਰਦੇ ਰਹਿੰਦੇ ਸੀ ਅਤੇ ਤੱਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਅਤੇ ਤੱਖਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ ਟ੍ਰੇਨ ਯਾਤਰਾਵਾਂ ਅਰੰਭੀਆਂ।ਸੱਭ ਤੋਂ ਪਹਿਲੀ ਯਾਤਰਾ ਸੰਨ ੧੯੩੦-੩੧ ਵਿੱਚ ਮੰਡੀ ਬਹਾਉਲਦੀਨ ਤੋਂ ਹਜੂਰ ਸਾਹਿਬ ਤੱਕ ਦੀ ਆਰੰਭ ਕੀਤੀ ਇਸ ਯਾਤਰਾ ਦੋਰਾਨ ਸੰਗਤਾਂ ਨੇ ਲਾਹੋਰ ਗੁਰਦੁਆਰਾ ਡੇਹਰਾ ਸਾਹਿਬ, ਨਨਕਾਨਾ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੁਲਤਾਨਪੁਰ ਲੋਧੀ, ਕਪੂਰਥਲਾ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ, ਦਿੱਲੀ, ਹਰਿਦੁਆਰ, ਪ੍ਰਯਾਗ, ਅਲਾਹਾਬਾਦ, ਬਨਾਰਸ, ਪਟਨਾ ਸਾਹਿਬ ਹੁੰਦੇ ਹੋਇ ਹਜੂਰ ਸਾਹਿਬ ਦੇ ਦਰਸ਼ਨ ਕੀਤੇ। ਜਦੋ ਆਪ ਜੀ ਨੇ ਦੇਖਿਆ ਕਿ ਤੱਖਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿੱਖੇ ਸੰਗਤਾਂ ਦੀ ਰਿਆਇਸ਼ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਦਰਬਾਰ ਹਾਲ ਵੀ ਛੋਟਾ ਹੈ ਤਾਂ ਆਪ ਜੀ ਨੇ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਕਾਰ ਸੇਵਾ ਅਰੰਭ ਕੀਤੀ ਅਤੇ ਸੰਗਤਾਂ ਦੀ ਸਹੁਲਤ ਲਈ ਕਮਰੇ, ਪਾਣੀ ਦੇ ਪ੍ਰਬੰਧ ਲਈ ਟਿਉਬਵੈਲ ਬਨਾਉਣ ਅਤੇ ਹੋਰ ਕਾਰ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ।

ਜਿਸ ਸਮੇਂ ਆਪ ਜੀ ਪਟਨਾ ਸਾਹਿਬ ਦਰਸ਼ਨੀ ਡਿਉਢੀ ਦੀ ਸੇਵਾ ਕਰਵਾ ਰਹੇ ਸੀ ਤਾਂ ੧੯੪੭ ਦੀ ਵੰਡ ਦਾ ਸਾਕਾ ਵਾਪਰ ਗਿਆ ਜਿਸ ਵਿੱਚ ਮੰਡੀ ਬਹਾਉਲਦੀਨ ਧਰਮਸਾਲ ਵਿੱਖੇ ਆਪ ਜੀ ਦੇ ਵੱਡੇ ਭਰਾਤਾ ਭਾਈ ਮਹਿਤਾਬ ਸਿੰਘ, ਭਾਈ ਹeਚਰਨ ਸਿੰਘ, ਭਾਈ ਮੰਗਲ ਸਿੰਘ, ਭਾਈ ਦਲੀਪ ਸਿੰਘ ਸਮੇਤ ੭੦੦ ਦੇ ਕਰੀਬ ਪ੍ਰਾਣੀਆਂ (ਇਸ ਸਾਕੇ ਵਿੱਚ ਮਰਦ, ਔਰਤਾਂ ਤੇ ਦੁੱਧ ਪੀਂਦੇ ਬੱਚੇ ਵੀ ਸ਼ਾਮਿਲ ਸਨ) ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਪਟਨਾ ਸਾਹਿਬ ਵਿੱਖੇ ਹੀ ਸ਼ਹੀਦ ਬੁੰਗਾ ਬਣਾਇਆਂ। ਜਿੱਥੇ ਹੁਣ ਇਸ ਸਥਾਨ ਤੇ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਸਾਲਾ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਦੀ ਸਹੂਲਤ ਲਈ ੪ ਮੰਜਲਾਂ ਆਲੀਸ਼ਾਨ ਇਮਾਰਤ ਤਿਆਰ ਕਰ ਯਾਤਰੀ ਨਿਵਾਸ ਬਨਾਇਆ ਹੈ। ਗੁਰਮੁੱਖੀ ਭਾਸ਼ਾ ਅਤੇ ਗੁਰਬਾਣੀ ਪਾਠ ਨਾਲ ਬਚਿੱਆ ਨੂੰ ਜੋੜਣ ਲਈ ਆਪ ਜੀ ਜਿੱਥੇ ਵੀ ਪ੍ਰਚਾਰ ਲਈ ਜਾਂਦੇ ਉੱਥੋ ਦੇ ਪ੍ਰਬੰਧਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਖਾਲਸਾ ਸਕੂਲ / ਕਾਲਜ ਖੋਲਣ ਦੀ ਪ੍ਰੇਰਣਾ ਦਿੰਦੇ ਸੀ।ਪਟਨਾ ਸਾਹਿਬ ਸੇਵਾ ਦੋਰਾਨ ਸੰਤ ਨਿਸ਼ਚਲ ਸਿੰਘ ਜੀ ਨੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ।
ਉਸ ਸਮੇਂ ਪਾਕਿਸਤਾਨ ਤੋ ਉਜੜ ਕੇ ਆਏ ਲੋਕਾਂ ਕੋਲ ਕੋਈ ਰੋਜਗਾਰ ਨਾ ਹੋਣ ਕਰਕੇ ਆਰਥਿਕ ਹਾਲਤ ਬਹੁਤ ਮਾੜੀ ਸੀ, ਜਦੋ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਨੇ ਪਟਨਾ ਸਾਹਿਬ ਵਿੱਖੇ ਇਹ ਦੁਰਦਸ਼ਾ ਦੇਖੀ ਕਿ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਲੋਕ ਪਾਕਿਸਤਾਨ ਵਿੱਚ ਰੱਜੇ-ਪੁੱਜੇ ਸਨ ਤੇ ਆਰਥਿਕ ਪੱਖੋ ਮਜਬੂਤ ਸੀ ਪਰ ਸਮੇਂ ਦੀ ਮਾਰ ਕਰਕੇ ਇਨ੍ਹਾਂ ਨੂੰ ਰੇਹੜੀਆਂ ਤੇ ਛਾੱਬੇ ਲਾ ਕੇ ਗੁਜਾਰਾ ਕਰਨਾ ਪੈ ਰਿਹਾ ਹੈ। ਆਪ ਜੀ ਨੇ ਤਖਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਮੈਨੇਜਮੈਂਟ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਪੜਾ ਮਾਰਕਿਟ ਬਣਵਾਈ ਅਤੇ ਇਹਨਾਂ ਲੋਕਾਂ ਨੂੰ ਰੋਜਗਾਰ ਮੁਹੱਈਆਂ ਕਰਵਾਇਆਂ।ਇਸ ਕਾਰਜ ਨਾਲ ਜਿੱਥੇ ਪੰਜਾਬੀ ਭਾਈਚਾਰਾ ਆਰਥਿਕ ਪੱਖੋ ਮਜਬੂਤ ਹੋਇਆ ਉੱਥੇ ਨਾਲ ਹੀ ਪਟਨਾ ਸਾਹਿਬ ਕਮੇਟੀ ਦੀ ਆਮਦਨ ਵਿੱਚ ਵਾਧਾ ਹੋਇਆ। ਪਰ ਸੰਤ ਜੀ ਦੇ ਸਚਖੰਡ ਪਿਆਣਾ ਕਰ ਜਾਣ ਉਪਰਾਂਤ ਪਟਨਾ ਸਾਹਿਬ ਦੀ ਕਮੇਟੀ ਨੇ ਜਦੋਂ ਉਹ ਮਾਰਕਿਟ ਢਾਹ ਦਿੱਤੀ ਤਾਂ ਕਈ ਪਰਿਵਾਰ ਫਿਰ ਬੇਰੋਜਗਾਰ ਹੋ ਗਏ ਅਤੇ ਹੁਣ ਵੀ ਉਹ ਪਰਿਵਾਰ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਨੂੰ ਯਾਦ ਕਰਦੇ ਹਨ ਤੇ ਸਮੇਂ ਦੀ ਮਾਰ ਦੀ ਪੀੜ ਉਹਨਾਂ ਦੇ ਚੇਹਰੇ ਤੋਂ ਸਾਫ ਝਲਕਦੀ ਹੈ।ਆਪ ਜੀ ਇਤਨੇ ਦੁਰਅੰਦੇਸ਼ੀ ਸੀ ਕਿ ਬਚਿੱਆ ਨੂੰ ਦੁਨਿਆਵੀਂ ਸਿਖਿੱਆਂ ਦੇ ਨਾਲ-ਨਾਲ ਧਰਮ ਨਾਲ ਕੋੜੇ ਰਖੱਣ ਲਈ ਗੁਰੂ ਗੋਬਿੰਦ ਸਿੰਘ ਕਾਲਜ ਦੀ ਨੀਂਹ ਰੱਖੀ।
੧੯੫੨ ਵਿੱਚ ਆਪ ਜੀ ਨੇ ਯਮੁਨਾਨਗਰ ਵਿੱਖੇ ਮੰਡੀ ਬਹਾਉਦੀਨ ਦੇ ਸ਼ਹੀਦਾਂ ਦੀ ਯਾਦ ਵਿੱਚ ਡੇਰਾ ਸੰਤਪੁਰਾ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਤਿਆਰ ਕਰਵਾਈ ਜਿੱਥੇ ਨਿਤਾਪ੍ਰਤੀ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਕੀਰਤਨ ਦੇ ਪ੍ਰਵਾਹ ਚਲਦੇ ਰਹਿੰਦੇ ਸੀ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦੀ ਇਤਿਹਾਸਿਕ ਕਥਾ ਖੁਦ ਕਰਦੇ ਸੀ ਆਪ ਜੀ ਦੇ ਸਚਖੰਡ ਪਿਆਣਾ ਹੋਣ ਉਪਰਾਂਤ ਇਹ ਸੇਵਾ ਸੰਤ ਤ੍ਰਲੋਚਣ ਸਿੰਘ ਜੀ ਨਿਭਾਂਦੇ ਰਹੇ ਸਨ।ਆਪ ਜੀ ਨੇ ਮਹੰਤ ਜਵਾਹਰ ਸਿੰਘ ਜੀ ਦੀ ਯਾਦ ਵਿੱਚ ਦੀਵਾਨ ਹਾਲ ਦੀ ਸਥਾਪਨਾ ਕੀਤੀ। ਇੱਥੇ ਹੀ ਆਪ ਜੀ ਨੇ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਣਵਾਇਆਂ ਅਤੇ ੧੯੭੩ ਵਿੱਚ ਗੁਰੂ ਨਾਨਕ ਗਰਲਜ਼ ਕਾਲੱਜ ਦੀ ਸਥਾਪਨਾ ਕੀਤੀ। ਅਪਣੇ ਪ੍ਰਚਾਰ ਦੋਰਿਆ ਦੋਰਾਨ ਆਪ ਜੀ ਨੇ ਗੁਹਾਟੀ, ਰਾਂਚੀ, ਗਯਾ (ਬਿਹਾਰ), ਕਲਕੱਤਾ ਵਿੱਖੇ ਸਕੂਲ ਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਵਾਏ ਅਤੇ ਗੁਰਦੁਆਰਾ ਰਕਾਬ ਗੰਜ, ਸੰਨ ੧੯੭੫ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸੇਵਾ ਆਪ ਜੀ ਵਲੋਂ ਟੱਕ ਲਾ ਕੇ ਅਰੰਭ ਕੀਤੀ।ਆਪ ਜੀ ਹਮੇਸ਼ਾ ਪੰਥਕ ਸਰਗਰਮੀਆਂ ਵਿੱਚ ਹਿਸਾ ਲੈਂਦੇ ਰਹਿੰਦੇ ਸੀ।ਜਿੱਥੇ ਆਪ ਜੀ ਨੇ ਬਚਿੱਆ ਨੂੰ ਦੁਨਿਆਵੀਂ ਵਿਦਿਆ ਪੜਾਉਣ ਲਈ ਸਕੂਲ / ਕਾਲਜ ਖੋਲ੍ਹੇ ਹਨ ਉੱਥੇ ਨਾਲ ਹੀ ਗੁਰਬਾਣੀ, ਗੁਰ ਇਤਿਹਾਸ, ਕਥਾ, ਕੀਰਤਨ ਨਾਲ ਜੋੜਨ ਲਈ ਗੁਰਮਤਿ ਵਿਦਿਆਲਾ ਬਣਾਇਆ ਜਿੱਥੋਂ ਹਜਾਰਾਂ ਦੀ ਗਿਣਤੀ ਵਿੱਚ ਕੀਰਤਨੀ ਜੱਥੇ ਤਿਆਰ ਹੋਇ, ਜੋਕਿ ਦੇਸ਼ਾਂ ਵਿਦੇਸ਼ਾ ਵਿੱਚ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਪਾਸੋ ਹੀ ਸੰਤ ਗਰੀਬ ਦਾਸ ਜੀ ਨੇ ਵਿਦਿਆ ਪ੍ਰਾਪਤ ਕੀਤੀ। ਸੰਤ ਗਰੀਬ ਦਾਸ ਜੀ ਤੇ ਗੁਰੂ ਸਾਹਿਬਾਂ ਦੀ ਇਤਨੀ ਮੇਹਰ ਸੀ ਕਿ ਜਦੋਂ ਉਹ ਗੁਰਬਾਣੀ ਦੀ ਰਸ ਭਿਨ੍ਹੀ ਕਥਾ ਕਰਦੇ ਸਨ ਤਾਂ ਮਾਨੋਂ ਸਮਾਂ ਅਪਣੀ ਰਫਤਾਰ ਤੋਂ ਰੁੱਕ ਗਿਆ ਹੋਵੇ। ਭਾਵ ਕਿ ਕਥਾ ਦੋਰਾਨ ਉਨ੍ਹਾਂ ਦੇ ਬੋਲ, ਲੈਅ, ਅਰਥ ਭਾਵ ਤੇ ਗੁਰਮਤਿ ਫਿਲਾਸਫੀ, ਸਾਖੀਆਂ ਇਤਿਆਦਿ ਮਨ ਨੂੰ ਮੋਹ ਲੈਂਦੀਆਂ ਸਨ ਤੇ ਜਗਿਆਸੂਆਂ ਦੇ ਮਨ ਦੇ ਭਰਮ ਦੂਰ ਹੋ ਜਾਂਦੇ ਸੀ। ਜਿਹੜਾ ਵੀ ਸਜਣ ਇੱਕ ਵਾਰ ਸੰਤ ਗਰੀਬ ਸਿੰਘ ਜੀ ਪਾਸੋਂ ਕਥਾ ਸੁਣਦਾ ਸੀ ਤਾ ਫਿਰ ਉਹ ਗੁਰੂ ਦਰਬਾਰ ਵਿੱਚ ਕਥਾ ਦੇ ਸਮੇਂ ਹਾਜਰੀ ਜਰੂਰ ਭਰਦਾ ਸੀ ਅਤੇ ਉਨ੍ਹਾਂ ਦੇ ਬਚਨਾਂ ਦੇ ਕਾਇਲ ਹੋ ਜਾਂਦੇ ਸੀ।ਆਪ ਜੀ ਪਾਸੋਂ ਅਨੇਕਾਂ ਹੀ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਸੰਥਿਆਂ ਅਤੇ ਕਥਾ ਦੀ ਵਿਦਿਆ ਪ੍ਰਾਪਤ ਕੀਤੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਅਕਾਲ ਚਲਾਣਾ ਕਰ ਗਏ ਸੀ।

ਸੰਤ ਪੰਡਿਤ ਨਿਸਚਲ ਸਿੰਘ ਜੀ ਨੂੰ ਸੇਵਾਪੰਥੀ ਭੇਖ ਦੇ ਸਮੁੱਚੇ ਸਾਧੂਆਂ ਵਲੋਂ ਸੇਵਾਪੰਥੀ ਅੱਡਣਸ਼ਾਹੀ ਸਭਾ ਦਾ ਪ੍ਰਧਾਨ ਥਾਪਿਆ ਗਿਆ। ਇਸ ਮੋਕੇ ਆਪ ਜੀ ਨੇ ਸੇਵਾਪੰਥੀ ਡੇਰੇ ਅਤੇ ਟਿਕਾਣਿਆ ਵਿੱਚ ਆਪਸੀ ਤਾਲਮੇਲ ਅਤੇ ਸਥਾਨਾਂ ਦੀ ਚੜਦੀਕਲਾ ਲਈ ਅਨੇਕ ਕੰਮ ਕੀਤੇ।੪੦੦ ਸਾਲਾ ਸ਼੍ਰੀ ਅੰਮ੍ਰਿਤਸਰ ਸਥਾਪਨਾ ਦਿਵਸ ਮੋਕੇ ਆਪ ਜੀ ਦੀਆਂ ਪੰਥਕ ਸਰਗਰਮੀਆਂ ਨੂੰ ਵੇਖਦੇ ਵਿਸ਼ੇਸ਼ ਤੋਰ ਤੇ ਸਮੁੱਚੇ ਪੰਥ ਵਲੋਂ ਸਨਮਾਨਿਤ ਕੀਤਾ ਗਿਆ।ਧਰਮ ਪ੍ਰਚਾਰ ਕਾਰਜਾਂ ਅਤੇ ਪੰਥਕ ਤੋਰ ਤੇ ਵੱਡੇ ਇਕੱਠਾਂ ਵਿੱਚ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ ਵਿਸ਼ੇਸ ਭੁਮਿਕਾ ਹੁੰਦੀ ਸੀ।ਉਸ ਸਮੇਂ ਦੇ ਪੰਥਕ ਵਿਦਵਾਨ ਤੇ ਭੇਖ ਦੇ ਸਾਧੂ ਆਪ ਜੀ ਦਾ ਪੂਰਾ ਸਤਿਕਾਰ ਕਰਦੇ ਸੀ। ਡੇਰਾ ਸੰਤਪੁਰਾ ਦੀ ਚੜਦੀਕਲਾ ਲਈ ਅਤੇ ਹੋਰ ਧਾਰਮਿਕ ਕਾਰਜਾਂ ਦੇ ਖਰਚੇ ਚਲਾਉਣ ਅਤੇ ਆਪ ਜੀ ਨੇ ਦਿੱਲੀ ਰੋਡ, ਜੋੜੀਆਂ (ਯਮੁਨਾਨਗਰ) ਵਿੱਖੇ ਜਮੀਨ ਮੁੱਲ ਲਈ ਅਤੇ ਆਪ ਜੀ ਖੁਦ ਕਾਸ਼ਤ ਕਰਦੇ ਸੀ। ਫਸਲ ਬਿਜਾਈ ਤੋਂ ਲੈਕੇ ਫਸਲ ਕਟਣ ਤੱਕ ਦੇ ਸਾਰੇ ਕੰਮ ਆਪਜੀ ਦੀ ਦੇਖਰੇਖ ਵਿੱਚ ਹੁੰਦੇ ਸਨ ਤੇ ਕੰਮ ਕਰ ਰਹੇ ਪ੍ਰਾਣੀਆਂ ਅਤੇ ਸੰਗਤਾਂ ਲਈ ਲੰਗਰ ਤਿਆਰ ਕਰਵਾ ਖੁਦ ਛਕਾਉਂਦੇ ਸੀ ( ਜਿੱਥੇ ਹੁਣ ਤਪ ਅਸਥਾਨ ਉਸਾਰੀ ਅਧੀਨ ਹੈ) ਆਪ ਜੀ ਕਰਮ ਯੋਗ ਤੇ ਵਿਸ਼ਵਾਸ ਰਖੱਦੇ ਸੀ ਭਾਵ ਖੁਦ ਹੱਥੀ ਕੰਮ ਕਰਦੇ ਸੀ।ਆਪ ਜੀ ਨੇ ਘਰ-ਘਰ ਵਿੱਚ ਗੁਰਮਤ ਦਾ ਸੰਦੇਸ਼ ਪਹੁੰਚਾਉਣ ਲਈ ਮਾਸਿਕ ਪਤ੍ਰਿਕਾ 'ਗੁਰ ਸੰਦੇਸ਼' ਪ੍ਰਕਾਸ਼ਿਤ ਕਰਵਾਉਂਦੇ ਰਹੇ ਸੀ। ਗੁਰਬਾਣੀ ਫੁਰਮਾਨ 'ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੁਆ ਰਾਮ ॥ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥' ਦੇ ਮਹਾਂਵਾਕ ਅਨੁਸਾਰ ੯੬ ਸਾਲ ਦੀ ਉਮਰ ਵਿੱਚ ੨੩ ਅਗਸਤ ੧੯੭੮ ਨੂੰ ਆਪ ਜੀ ਸੰਸਾਰਿਕ ਯਾਤਰਾ ਪੂਰੀ ਕਰ ਸਚਖੰਡ ਪਿਆਣਾ ਕਰ ਗਏ। ਆਪ ਜੀ ਦੀ ਆਗਿਆ ਅਨੁਸਾਰ ਸੰਤ ਤ੍ਰਲੋਚਨ ਸਿੰਘ ਜੀ ਨੇ ਆਪ ਜੀ ਦੇ ਪੰਜ ਭੂਤਕ ਸ਼ਰੀਰ ਦਾ ਅੰਤਿਮ ਸਸਕਾਰ ਜੋੜੀਆਂ ਵਿੱਖੇ ਉਸੇ ਸਥਾਨ ਤੇ ਕੀਤਾ ਜਿੱਥੇ ਆਪ ਜੀ ੩-੪ ਦਿਨ ਪਹਿਲਾਂ ਅਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਨਿਸ਼ਾਨੀ ਲਗਾ ਗਏ ਸੀ ਤੇ ਬਚਨ ਕੀਤਾ ਸੀ ਕਿ ਇਸ ਸਥਾਨ ਤੇ ਸਸਕਾਰ ਕਰ ਗੁਰਦੁਆਰਾ ਸਥਾਪਿਤ ਕਰਨਾ ਹੈ ਜਿੱਥੇ ਹੁਣ ਡੇਰਾ ਸੰਤ ਨਿਸ਼ਚਲ ਸਿੰਘ , ਥੜਾ ਸਾਹਿਬ ਗੁਰਦੁਆਰਾ ਸਥਾਪਿਤ ਹੈ ਅਤੇ ਸੰਤ ਨਿਸ਼ਚਲ ਸਿੰਘ ਸਿੱਖ ਹੈਰੀਟੇਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਯਾਦ ਵਿੱਚ ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ, ਸੰਤ ਨਿਸ਼ਚਲ ਸਿੰਘ ਕਾਲੱਜ ਆਫ ਐਜੁਕੇਸ਼ਨ (ਬੀ.ਐਡ, ਡੀ.ਐਡ ਕਾਲਜ) ਬਣਾਇਆਂ ਗਿਆ। ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੇ ਅੰਤਿਮ ਸਸਕਾਰ ਮੋਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ਅਤੇ ਇਸ ਮੋਕੇ ਸਿੱਖ ਸੰਗਤਾਂ ਗੁਰਬਾਣੀ ਕੀਰਤਨ ਕਰ ਡੇਰਾ ਸੰਤਪੁਰਾ ਤੋਂ ਥੜਾ ਸਾਹਿਬ ਜੋੜੀਆਂ ਵਿੱਖੇ ੫ ਕਿਲੋਮੀਟਰ ਨਗਰ ਕੀਰਤਨ ਦੇ ਰੂਪ ਵਿੱਚ ਪੈਦਲ ਮਾਰਚ ਕਰਦੇ ਨਮ ਅੱਖਾਂ ਨਾਲ ਸ਼ਰਧਾ ਦੇ ਫੁਲ ਭੇਟ ਕੀਤੇ। ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਵਖੋ- ਵੱਖ ਧਾਰਮਿਕ, ਸਮਾਜਿਕ, ਸਿਆਸਤਦਾਨਾਂ, ਲੀਡਰਾ, ਵਿਚਾਰਕਾਂ ਨੇ ਅਪਣੇ ਮਨੋਭਾਵਾਂ ਨੂੰ ਪ੍ਰਗਟ ਕੀਤਾ।ਉਨ੍ਹਾਂ ਵਿੱਚ ਮੁੱਖ ਤੋਰ ਤੇ ਜੱਥੇਦਾਰ ਗੁਰਚਰਨ ਸਿੰਘ ਟੋਹੜਾ, ਪ੍ਰਧਾਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ, ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਜੱਥੇਦਾਰ ਤੱਖਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਮਹੰਤ ਗੁਰਮੁਖ ਸਿੰਘ, ਪ੍ਰਧਾਨ, ਸੇਵਾਪੰਥੀ ਅੱਡਣਸ਼ਾਹੀ ਸਭਾ, ਸੰਤ ਜਰਨੈਲ ਸਿੰਘ ਜੀ ਖਾਲਸਾ (ਭਿੰਡਰਾਵਾਲੇ) ਜੱਥੇਦਾਰ ਜਗਦੇਵ ਸਿੰਘ, ਪ੍ਰਧਾਨ, ਸ਼ਰੋਮਣੀ ਅਕਾਲੀ ਦਲ, ਜੱਥੇਦਾਰ ਕਰਤਾਰ ਸਿੰਘ ਟੱਕਰ, ਜਨਰਲ ਸਕੱਤਰ, ਹਰਿਆਣਾ ਅਕਾਲੀ ਦਲ, ਮਹੰਤ ਤੀਰਥ ਸਿੰਘ ਸੇਵਾਪੰਥੀ, ਡੇਰਾ ਭਾਈ ਜਗਤਾ ਜੀ, ਗੋਨਿਆਣਾ ਮੰਡੀ, ਬਠਿੰਡਾ ਜੱਥੇਦਾਰ ਮੋਹਨ ਸਿੰਘ ਤੁੜ (ਐਮ.ਪੀ, ਅੰਮ੍ਰਿਤਸਰ) ਗਿਆਨੀ ਜੈਲ ਸਿੰਘ, ਸਾਬਕਾ ਰਾਸ਼ਟਰਪਤੀ, ਭਾਰਤ ਸਰਦਾਰ ਸੰਤ ਸਿੰਘ (ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ) ਸ੍ਰ. ਹਰਚਰਨ ਸਿੰਘ ਬਰਾੜ(ਰਾਜਪਾਲ ਹਰਿਆਣਾ) ਚੋਧਰੀ ਦੇਵੀ ਲਾਲ (ਮੁੱਖਮੰਤਰੀ ਹਰਿਆਣਾ ਸਰਕਾਰ) ਡਾ. ਕਮਲਾ ਵਰਮਾ (ਸਿਹਤ ਮੰਤਰੀ, ਹਰਿਆਣਾ ਸਰਕਾਰ) ਸ੍ਰ. ਲਛਮਣ ਸਿੰਘ (ਵਿਕਾਸ ਮੰਤਰੀ, ਹਰਿਆਣਾ ਸਰਕਾਰ) ਕੇ.ਐਲ.ਪੋਸਵਾਲ, ਐਮ.ਐਲ.ਏ, ਲੀਡਰ ਹਰਿਆਣਾ ਕਾਂਗਰਸ ਅਸੈਂਬਲੀ ਡਾ. ਕ੍ਰਿਪਾਲ ਸਿੰਘ, ਮੁੱਖੀ ਇਤਿਹਾਸ ਵਿਭਾਗ, ਪੰਜਾਬੀ ਯੁਨਿਵਰਸਿਟੀ, ਪਟਿਆਲਾ ਸ੍ਰ. ਹੁਕਮ ਸਿੰਘ ਸਾਬਕਾ ਰਾਜਪਾਲ, ਡਾ. ਗੁਰਦਿਆਲ ਸਿੰਘ, ਸਾਬਕਾ ਸਪੀਕਰ ਲੋਕਸਭਾ ਨਰਿੰਦਰ ਸਿੰਘ ਸੇਠੀ (ਜਾਪਾਨ) ਰਿਟਾਇਰਡ ਚੀਫ ਜਸਟਿਸ ਸ੍ਰ. ਹਰਬੰਸ ਸਿੰਘ, ਜਸਟਿਸ ਨਰੂਲਾ ਜੀ, ਇਤਿਆਦਿ ਸਨ। ਪੁਸਤਕ ਦੇ ਪੰਨਿਆਂ ਨੂੰ ਧਿਆਨ ਵਿੱਚ ਰੱਖਦੇ ਵਿਸਥਾਰ ਕਰਨ ਤੋਂ ਸੰਕੋਚ ਕਰਦੇ ਹਾਂ। ਸੰਤ ਨਿਸ਼ਚਲ ਸਿੰਘ ਜੀ ਦੇ ਸਚਖੰਡ ਪਿਆਣਾ ਕਰ ਜਾਣ ਤੋਂ ਬਾਅਦ ਸੇਵਾਪੰਥੀ ਸੰਪ੍ਰਦਾ ਦੇ ਪ੍ਰਧਾਨ ਗੁਰਮੁਖ ਸਿੰਘ ਜੀ ਨੇ ਮਰਿਯਾਦਾ ਅਨੁਸਾਰ ਸੰਤ ਤ੍ਰਲੋਚਨ ਸਿੰਘ ਜੀ ਨੂੰ ਝਾੜੂ ਤੇ ਕਟੋਰਾ ਭੇਟ ਕਰ ਡੇਰਾ ਸੰਤਪੁਰਾ ਦੇ ਮਹੰਤ ਦੀ ਸੇਵਾ ਸੋਂਪੀ।ਜਿਨ੍ਹਾਂ ਨੇ ਬਾਅਦ ਵਿੱਚ ਸੰਤ ਨਿਸ਼ਚਲ ਸਿੰਘ ਜੀ ਦੇ ਨਾਮ ਤੇ ਸਕੂਲ/ਬੀ.ਐਡ ਕਾਲਜ ਖੋਲੇ ਅਤੇ ਸੰਤ ਨਿਸ਼ਚਲ ਸਿੰਘ ਸੰਤਪੁਰਾ ਟ੍ਰਸਟ (ਜੋਕਿ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਆਪ ਖੁਦ ਬਣਾ ਕੇ ਗਏ ਸਨ ਅਤੇ ਸਾਰੇ ਸਕੂਲ, ਕਾਲਜ, ਗੁਰਦੁਆਰਾ ਸਾਹਿਬ ਜਮੀਨ ਅਤੇ ਸਾਰੀ ਚਲ-ਅਚਲ ਜਮੀਨ ਟ੍ਰਸਟ ਦੇ ਅਧੀਨ ਕਰ ਗਏ ਸਨ) ਦੇ ਪ੍ਰਧਾਨ ਵਜੋਂ ਜੀਵਨ ਦੇ ਅੰਤਮ ਸਮੇਂ ਤੱਕ ਸੇਵਾਵਾਂ ਨਿਭਾਈਆਂ। ਮੋਜੁਦਾ ਸਮੇਂ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਇਸ ਟ੍ਰਸਟ ਦੇ ਪ੍ਰਧਾਨ ਦੀਆਂ ਸੇਵਾਵਾ ਨਿਭਾ ਰਹੇ ਹਨ ਅਤੇ ਟ੍ਰਸਟ ਅਧੀਨ ਸਾਰੀ ਜਮੀਨ, ਦੁਕਾਨਾਂ, ਸਕੂਲ, ਕਾਲਜ ਦੀ ਦੇਖਰੇਖ ਸਮੁੱਚੇ ਟ੍ਰਸਟੀ ਮੈਂਬਰਾਂ ਨਾਲ ਮਿਲਕੇ ਕਰ ਰਹੇ ਹਨ।

File history

Click on a date/time to view the file as it appeared at that time.

Date/TimeDimensionsUserComment
current08:37, 17 April 2018 (99 KB)Hsingh777 (talk | contribs)ਸੰਤ ਪੰਡਿਤ ਨਿਸ਼ਚਲ ਸਿੰਘ ਜੀ (ਜਨਮ ਮਰਣ ਦੁਹਹੁ ਮਹਿ ਨਾਹੀ ਜਨ ਪਰਉਪਕਾਰੀ ਆਏ) ਗੁਰਬਾਣੀ ਫੁਰਮਾਨ ਹੈ : 'ਜਿਨਾ ਸਾਸਿ ਗਿਰ...

There are no pages that use this file.